‘ਆਪ’ ਸਰਕਾਰ ਨੇ ਕਰ ਮਾਲੀਏ ਨੂੰ ਕਾਫੀ ਵਧਾਇਆ : ਚੀਮਾ

0
111

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਤਵਾਰ ਦੱਸਿਆ ਕਿ ਮਾਰਚ 2022 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਟੁੱਟ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਪਰਿਵਰਤਨਕਾਰੀ ਬਦਲਾਅ ਲਾਗੂ ਕੀਤੇ, ਜਿਸ ਦੇ ਨਤੀਜੇ ਵਜੋਂ ਸਾਲ ਦਰ ਸਾਲ ਸੂਬੇ ਦੇ ਕਰ ਮਾਲੀਏ ਵਿੱਚ ਨਿਰੰਤਰ ਵਾਧਾ ਹੋਇਆ। ਉਨ੍ਹਾ ਕਿਹਾ ਕਿ ਇਸੇ ਲੜੀ ਤਹਿਤ ਮੌਜੂਦਾ ਵਿੱਤੀ ਸਾਲ ਵਿੱਚ ਸੂਬੇ ਨੇ ਫਰਵਰੀ ਤੱਕ ਜੀ ਐੱਸ ਟੀ, ਆਬਕਾਰੀ, ਵੈਟ, ਸੀ ਐੱਸ ਟੀ ਅਤੇ ਪੀ ਐੱਸ ਡੀ ਟੀ ਤੋਂ ਪ੍ਰਾਪਤ ਸ਼ੁੱਧ ਕਰ ਮਾਲੀਏ ਵਿੱਚ ਵਿੱਤੀ ਸਾਲ 2023-24 ਦੇ ਮੁਕਾਬਲੇ 12.10 ਪ੍ਰਤੀਸ਼ਤ ਦੀ ਵਿਕਾਸ ਦਰ ਹਾਸਲ ਕੀਤੀ, ਜਦੋਂ ਕਿ ਫਰਵਰੀ 2025 ਦੌਰਾਨ ਸ਼ੁੱਧ ਜੀ ਐੱਸ ਟੀ ਮਾਲੀਏ ਵਿੱਚ 28.01 ਫੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ।
ਚੀਮਾ ਨੇ ਕਿਹਾ ਕਿ ਇਸ ਵਿੱਤੀ ਸਾਲ ਦੌਰਾਨ ਵਿੱਤੀ ਵਰ੍ਹੇ 2023-24 ਦੀ ਇਸੇ ਮਿਆਦ ਦੇ ਮੁਕਾਬਲੇ ਫਰਵਰੀ ਤੱਕ ਸ਼ੁੱਧ ਜੀ ਐੱਸ ਟੀ ਵਿੱਚ 13.39 ਫੀਸਦੀ, ਆਬਕਾਰੀ ਵਿੱਚ 14.43 ਫੀਸਦੀ, ਵੈਟ ਵਿੱਚ 5.10 ਫੀਸਦੀ, ਸੀ ਐੱਸ ਟੀ ਵਿੱਚ 17.03 ਫੀਸਦੀ ਅਤੇ ਪੀ ਐੱਸ ਡੀ ਟੀ ਵਿੱਚ 13.65 ਫੀਸਦੀ ਦੀ ਵਾਧਾ ਦਰ ਨਾਲ ਸੂਬੇ ਨੇ ਕਰ ਮਾਲੀਏ ਵਿੱਚ ਵਾਧੇ ਦੇ ਪਿਛਲੇ ਸਾਲਾਂ ਦੇ ਰੁਝਾਨਾਂ ਨੂੰ ਕਾਇਮ ਰੱਖਿਆ। ਉਨ੍ਹਾ ਕਿਹਾ ਕਿ ਇਸ ਵਿੱਤੀ ਸਾਲ ਫਰਵਰੀ ਤੱਕ ਇਨ੍ਹਾਂ ਕਰਾਂ ਤੋਂ ਸ਼ੁੱਧ ਮਾਲੀਆ ਪ੍ਰਾਪਤੀ 38272.66 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੌਰਾਨ 34141.36 ਕਰੋੜ ਰੁਪਏ ਸੀ, ਜਿਸ ਨਾਲ 4131.30 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਪਿਛਲੇ ਮਹੀਨੇ ਦੌਰਾਨ ਜੀ ਐੱਸ ਟੀ ਮਾਲੀਏ ਵਿੱਚ ਹੋਏ ਮਹੱਤਵਪੂਰਨ ਵਾਧੇ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਚੀਮਾ ਨੇ ਕਿਹਾ ਕਿ ਫਰਵਰੀ 2025 ਦੌਰਾਨ ਸ਼ੁੱਧ ਜੀ ਐੱਸ ਟੀ ਮਾਲੀਆ ਪ੍ਰਾਪਤੀ ਵਿੱਚ 506.26 ਕਰੋੜ ਰੁਪਏ ਦਾ ਪ੍ਰਭਾਵਸ਼ਾਲੀ ਵਾਧਾ ਹੋਇਆ। ਫਰਵਰੀ 2025 ਲਈ ਸ਼ੁੱਧ ਜੀ ਐੱਸ ਟੀ ਪ੍ਰਾਪਤੀ 2,313.69 ਕਰੋੜ ਰੁਪਏ ਰਹੀ, ਜਦੋਂ ਕਿ ਫਰਵਰੀ 2024 ਵਿੱਚ ਇਹ ਪ੍ਰਾਪਤੀ 1,807.43 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਉਨ੍ਹਾ ਆਬਕਾਰੀ ਮਾਲੀਏ ਵਿੱਚ ਸ਼ਲਾਘਾਯੋਗ ਵਾਧੇ ਦਾ ਵੀ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ 686.47 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਪ੍ਰਾਪਤ ਹੋਇਆ, ਜੋ ਕਿ ਪਿਛਲੇ ਸਾਲ ਫਰਵਰੀ ਵਿੱਚ ਪ੍ਰਾਪਤ ਹੋਏ 656 ਕਰੋੜ ਰੁਪਏ ਦੇ ਮਾਲੀਏ ਤੋਂ 30.47 ਕਰੋੜ ਰੁਪਏ ਵੱਧ ਹੈ। ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਦੀ ਸੂਬੇ ਦੇ ਕਰ ਮਾਲੀਏ ਨੂੰ ਵਧਾਉਣ ਵਿੱਚ ਅਸਮਰਥਾ ਲਈ ਤਿੱਖੀ ਆਲੋਚਨਾ ਕਰਦੇ ਹੋਏ ਚੀਮਾ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਅਤੇ ਪ੍ਰਭਾਵਸ਼ਾਲੀ ਵਿੱਤੀ ਪ੍ਰਬੰਧਨ ਪ੍ਰਤੀ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਦਿਖਾਈ ਗਈ।