ਹਿਮਾਨੀ ਦੀ ਮਾਂ ਵੱਲੋਂ ਲਾਸ਼ ਲੈਣੋਂ ਨਾਂਹ

0
190

ਚੰਡੀਗੜ੍ਹ : ਬੇਕਿਰਕੀ ਨਾਲ ਕਤਲ ਕੀਤੀ ਗਈ ਯੂਥ ਕਾਂਗਰਸ ਆਗੂ ਹਿਮਾਨੀ ਨਰਵਾਲ ਦੀ ਮਾਂ ਨੇ ਹੱਤਿਆਰਿਆਂ ਦੀ ਗਿ੍ਰਫਤਾਰੀ ਤੱਕ ਅੰਤਮ ਸੰਸਕਾਰ ਲਈ ਉਸ ਦੀ ਲਾਸ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਹਿਮਾਨੀ ਦੀ ਲਾਸ਼ ਸਨਿੱਚਰਵਾਰ ਦੁਪਹਿਰ ਸਾਂਪਲਾ ਫਲਾਈਓਵਰ ਨਾਲ ਪੈਂਦੀਆਂ ਝਾੜੀਆਂ ਵਿੱਚ ਸੂਟਕੇਸ ਵਿੱਚੋਂ ਮਿਲੀ ਸੀ।
ਹਿਮਾਨੀ ਦੀ ਮਾਂ ਸਵਿਤਾ ਨੇ ਐਤਵਾਰ ਦੋਸ਼ ਲਾਇਆ ਕਿ ਇਸ ਹੱਤਿਆ ਪਿੱਛੇ ਪਾਰਟੀ ਆਗੂਆਂ ਦਾ ਹੱਥ ਹੈ। ਉਸ ਨੇ ਉਸ ਦੀ ਮਿ੍ਰਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਹਿਮਾਨੀ ਦੀ ਮਾਂ ਆਪਣੇ ਬੇਟੇ ਜਤਿਨ ਨਾਲ ਦਿੱਲੀ ਤੋਂ ਪੋਸਟਮਾਰਟਮ ਵਾਲੀ ਥਾਂ ਪੁੱਜੀ। ਉਸ ਨੇ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ। ਉਸ ਨੇ ਕਿਹਾ ਕਿ ਹਿਮਾਨੀ ਤਿੰਨ ਕੁ ਦਿਨ ਪਹਿਲਾਂ ਰੋਹਤਕ ਦੇ ਇੱਕ ਪਿੰਡ ਵਿਆਹ ’ਤੇ ਗਈ ਸੀ। ਸਵਿਤਾ ਨੇ ਕਿਹਾ ਕਿ 2011 ਵਿੱਚ ਉਸ ਦੇ ਵੱਡੇ ਬੇਟੇ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਮਾਮਲੇ ਵਿੱਚ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸਵਿਤਾ ਨੇ ਕਿਹਾ ਕਿ ਉਸ ਦੀ ਧੀ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਦੀ ਬਹੁਤ ਕਰੀਬੀ ਸੀ ਅਤੇ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਨਜ਼ਰ ਆਈ ਸੀ। ਇਸ ਕਰਕੇ ਕਈ ਲੋਕ ਉਸ ਤੋਂ ਸੜਦੇ ਸਨ।
ਮੁਹੱਲਾ ਵਾਸੀਆਂ ਮੁਤਾਬਕ ਹਿਮਾਨੀ ਦੇ ਪਿਤਾ ਨੇ ਬੀ ਐੱਸ ਐੱਫ ਵਿੱਚ ਨੌਕਰੀ ਤੋਂ ਬਾਅਦ ਰੋਹਤਕ ਵਿੱਚ ਰਿਹਾਇਸ਼ ਕੀਤੀ ਸੀ। 10 ਸਾਲ ਪਹਿਲਾਂ ਉਸ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ।