ਹਿਮਾਨੀ ਦੇ ਕਤਲ ’ਚ ‘ਦੋਸਤ’ ਗਿ੍ਰਫਤਾਰ

0
132

ਰੋਹਤਕ : ਹਰਿਆਣਾ ਪੁਲਸ ਨੇ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੀ ਹੱਤਿਆ ਦੇ ਸੰਬੰਧ ’ਚ ਉਸ ਦੇ ਕਾਂਗਰਸੀ ‘ਦੋਸਤ’ ਸਚਿਨ (30) ਉਰਫ ਢਿੱਲੂ ਨੂੰ ਦਿੱਲੀ ਦੇ ਮੰੁਡਕਾ ਇਲਾਕੇ ਤੋਂ ਗਿ੍ਰਫਤਾਰ ਕੀਤਾ ਹੈ। ਐਡੀਸ਼ਨਲ ਡੀ ਜੀ ਪੀ ਸ੍ਰੀ ਕੇ ਕੇ ਰਾਓ ਨੇ ਦੱਸਿਆ ਕਿ ਝੱਜਰ ਦੇ ਖੇਰਪੁਰ ਪਿੰਡ ਦਾ ਸਚਿਨ ਦੋ ਬੱਚਿਆਂ ਦਾ ਬਾਪ ਹੈ ਤੇ ਝੱਜਰ ਦੇ ਕਨੌਂਦਾ ਪਿੰਡ ਵਿੱਚ ਮੋਬਾਇਲ ਰਿਪੇਅਰ ਦੀ ਦੁਕਾਨ ਚਲਾਉਦਾ ਸੀ। ਇਹ ਸੋਸ਼ਲ ਮੀਡੀਆ ਰਾਹੀਂ ਹਿਮਾਨੀ ਦੇ ਸੰਪਰਕ ਵਿੱਚ ਆਇਆ ਸੀ ਤੇ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। 28 ਫਰਵਰੀ ਨੂੰ ਉਸ ਦੀ ਰੋਹਤਕ ਦੇ ਵਿਜੇ ਨਗਰ ’ਚ ਹਿਮਾਨੀ ਦੇ ਘਰ ਉਸ ਨਾਲ ਝੜਪ ਹੋ ਗਈ। ਸਚਿਨ ਨੇ ਹਿਮਾਨੀ ਦੇ ਹੱਥ ਦੁਪੱਟੇ ਨਾਲ ਬੰਨ੍ਹ ਕੇ ਮੋਬਾਇਲ ਚਾਰਜਰ ਦੀ ਤਾਰ ਨਾਲ ਉਸ ਦਾ ਗਲਾ ਘੁੱਟ ਦਿੱਤਾ। ਜੁਰਮ ਲੁਕੋਣ ਲਈ ਉਸ ਨੇ ਲਾਸ਼ ਸੂਟਕੇਸ ਵਿੱਚ ਪਾ ਦਿੱਤੀ ਅਤੇ ਖੂਨ ਨਾਲ ਲਿਬੜੀ ਰਜਾਈ ਉੱਥੋਂ ਹਟਾ ਦਿੱਤੀ। ਫਿਰ ਉਹ ਹਿਮਾਨੀ ਦੇ ਗਹਿਣੇ, ਮੋਬਾਇਲ, ਲੈਪਟਾਪ ਤੇ ਹੋਰ ਕੀਮਤ ਚੀਜ਼ਾਂ ਚੁੱਕ ਕੇ ਚਲੇ ਗਿਆ। ਉਹ ਹਿਮਾਨੀ ਦੇ ਸਕੂਟਰ ’ਤੇ ਕਨੌਂਦਾ ਵਿੱਚ ਆਪਣੀ ਦੁਕਾਨ ’ਤੇ ਗਿਆ ਅਤੇ ਰਾਤ ਕਰੀਬ 10 ਵਜੇ ਪਰਤਿਆ। ਫਿਰ ਉਸ ਨੇ ਆਟੋਰਿਕਸ਼ਾ ਕੀਤਾ ਤੇ ਲਾਸ਼ ਵਾਲਾ ਸੂਟਕੇਸ ਸਾਂਪਲਾ ਦੇ ਬੱਸ ਅੱਡੇ ਨੇੜੇ ਸੁੱਟ ਦਿੱਤਾ। ਹਿਮਾਨੀ ਘਰ ਵਿੱਚ ਇਕੱਲੀ ਰਹਿੰਦੀ ਸੀ, ਜਦਕਿ ਉਸ ਦੀ ਮਾਂ ਤੇ ਭਰਾ ਦਿੱਲੀ ਰਹਿੰਦੇ ਹਨ।
ਹਿਮਾਨੀ ਦੇ ਪਰਵਾਰ ਨੇ ਐਤਵਾਰ ਕਿਹਾ ਸੀ ਕਿ ਜਦੋਂ ਤੱਕ ਕਾਤਲ ਫੜੇ ਨਹੀਂ ਜਾਂਦੇ, ਸਸਕਾਰ ਨਹੀਂ ਕੀਤਾ ਜਾਵੇਗਾ। ਹਰਿਆਣਾ ਕਾਂਗਰਸ ਦੇ ਨੇਤਾਵਾਂ ਨੇ ਹਿਮਾਨੀ ਨਰਵਾਲ ਨੂੰ ਇੱਕ ਸਰਗਰਮ ਅਤੇ ਪਾਰਟੀ ਨੂੰ ਸਮਰਪਤ ਵਰਕਰ ਦੱਸਿਆ ਸੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਡਿਗਰੀ ਕਰ ਰਹੀ ਸੀ। ਉਸ ਦੀ ਮਾਂ ਸਵਿਤਾ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਕੁਝ ਨੇਤਾਵਾਂ ਨੇ ਉਸ ਦੀ ਸਿਆਸੀ ਤਰੱਕੀ ਤੋਂ ਈਰਖਾ ਕੀਤੀ। ਉਸ ਨੇ ਉਸ ਨਾਲ 27 ਫਰਵਰੀ ਨੂੰ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਉਹ ਅਗਲੇ ਦਿਨ ਪਾਰਟੀ ਦੇ ਪ੍ਰੋਗਰਾਮ ਵਿੱਚ ਹੋਵੇਗੀ, ਪਰ ਬਾਅਦ ਵਿੱਚ ਉਸ ਦਾ ਫੋਨ ਬੰਦ ਪਾਇਆ ਗਿਆ। ਹਿਮਾਨੀ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਨਾਲ ਹਰਿਆਣਵੀ ਲਿਬਾਸ ਵਿੱਚ ਤੁਰ ਕੇ ਚਰਚਿਤ ਹੋਈ ਸੀ।