ਮੁੰਬਈ : ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸੋਮਵਾਰ ਭਾਰੀ ਗਿਰਾਵਟ ਦਰਜ ਕੀਤੀ ਗਈ। ਉਨ੍ਹਾਂ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਵਿੱਚ 40,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਨ੍ਹਾਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 40,511.91 ਕਰੋੜ ਰੁਪਏ ਘਟ ਕੇ 17.46 ਲੱਖ ਕਰੋੜ ਰੁਪਏ ਰਹਿ ਗਿਆ। ਇਹ ਨੁਕਸਾਨ ਮਾਰਕੀਟ ਵਿੱਚ ਇੱਕ ਵਿਆਪਕ ਕਮਜ਼ੋਰੀ ਦਾ ਹਿੱਸਾ ਹੈ।
ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਲਿਮਟਿਡ, ਜਸਟ ਡਾਇਲ ਲਿਮਟਿਡ ਅਤੇ ਬਾਲਾਜੀ ਟੈਲੀ ਫਿਲਮਜ਼ ਲਿਮਟਿਡ ਸਭ ਤੋਂ ਵੱਧ ਘਾਟੇ ਵਿੱਚ ਸਨ। ਰਿਲਾਇੰਸ ਗਰੁੱਪ ਦੀ ਫਲੈਗਸ਼ਿਪ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨਿਫਟੀ-50 ਵਿੱਚ ਤੀਜੀ ਸਭ ਤੋਂ ਵੱਡੀ ਘਾਟੇ ਵਾਲੀ ਸੀ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 35,319.49 ਕਰੋੜ ਰੁਪਏ ਘਟ ਕੇ 15.89 ਲੱਖ ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 26.10 ਰੁਪਏ ਜਾਂ 2.17 ਫੀਸਦੀ ਦੀ ਗਿਰਾਵਟ ਨਾਲ 1,174 ਰੁਪਏ ’ਤੇ ਬੰਦ ਹੋਏ। ਉਧਰ ਜਸਟ ਡਾਇਲ ਦੇ ਸ਼ੇਅਰ 54 ਰੁਪਏ ਜਾਂ 6.43 ਫੀਸਦੀ ਡਿੱਗ ਕੇ 786.25 ਰੁਪਏ ’ਤੇ ਬੰਦ ਹੋਏ। ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਦਾ ਸ਼ੇਅਰ 15.65 ਰੁਪਏ ਜਾਂ 6.13 ਫੀਸਦੀ ਡਿੱਗ ਕੇ 239.80 ਰੁਪਏ ’ਤੇ ਬੰਦ ਹੋਇਆ।
ਵਿਦੇਸ਼ੀ ਫੰਡਾਂ ਦੀ ਬੇਰੋਕ ਨਿਕਾਸੀ ਅਤੇ ਐੱਚ ਡੀ ਐੱਫ ਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਵਿੱਚ ਵਿਕਰੀ ਦੇ ਦਬਾਅ ਕਾਰਨ ਸੋਮਵਾਰ ਸੈਂਸੇਕਸ 112.16 ਅੰਕ ਡਿੱਗ ਕੇ 73,085.94 ’ਤੇ ਬੰਦ ਹੋਇਆ। ਲਗਾਤਾਰ ਨੌਵੇਂ ਦਿਨ ਘਾਟੇ ਨੂੰ ਵਧਾਉਂਦੇ ਹੋਏ ਨਿਫ਼ਟੀ 5.40 ਅੰਕ ਖਿਸਕ ਕੇ 22,119.30 ’ਤੇ ਬੰਦ ਹੋਇਆ।




