ਇਮਤਿਹਾਨ ਤੋਂ ਬਚਣ ਲਈ…

0
115

ਨਵੀਂ ਦਿੱਲੀ : ਦਿੱਲੀ ਦੇ ਰੋਹਣੀ ਵਿੱਚ 17 ਸਾਲਾ ਮੁੰਡੇ ਨੇ ਇਮਤਿਹਾਨ ਦੇਣ ਤੋਂ ਬਚਣ ਲਈ ਘਰੋਂ ਭੱਜਣ ਦਾ ਫੈਸਲਾ ਕੀਤਾ ਅਤੇ 2,000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਿਸੇ ਉਸਾਰੀ ਵਾਲੀ ਜਗ੍ਹਾ ’ਤੇ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਝੁੱਗੀ ਵਿੱਚ ਰਹਿਣ ਲੱਗਾ।
ਪਰਵਾਰ ਨੇ 21 ਫਰਵਰੀ ਨੂੰ ਬੁੱਧ ਵਿਹਾਰ ਥਾਣੇ ਵਿੱਚ ਉਸ ਦੀ ਗੰੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਡੀ ਸੀ ਪੀ (ਅਪਰਾਧ) ਵਿਕਰਮ ਸਿੰਘ ਨੇ ਦੱਸਿਆ ਕਿ ਮੁੰਡਾ ਕਨਾਟ ਪਲੇਸ ਸਥਿਤ ਇੱਕ ਪ੍ਰਸਿੱਧ ਸਕੂਲ ਦੀ 11ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਪੜ੍ਹਾਈ ਵਿੱਚ ਉਸ ਦੀ ਬਿਲਕੁਲ ਰੁਚੀ ਨਹੀਂ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਆਪਣੀ ਸਲਾਨਾ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਸੀ। 21 ਫਰਵਰੀ ਨੂੰ ਉਹ ਘਰੋਂ ਨਿਕਲਿਆ ਅਤੇ ਆਪਣੇ ਪਿਤਾ ਨੂੰ ਸੁਨੇਹਾ ਭੇਜਿਆ ਕਿ ਉਹ ਘਰ ਛੱਡ ਰਿਹਾ ਹੈ, ਕੋਈ ਉਸ ਦੀ ਤਲਾਸ਼ ਨਾ ਕਰੇ।
ਡੀ ਸੀ ਪੀ ਨੇ ਦੱਸਿਆ ਕਿ ਮੁੰਡੇ ਦੀ ਤਲਾਸ਼ ਲਈ ਕਈ ਟੀਮਾਂ ਬਣਾਈਆਂ ਗਈਆਂ। ਇਸ ਮਾਮਲੇ ਵਿੱਚ ਕਿਡਨੈਪਿੰਗ ਦੇ ਪਹਿਲੂ ਨੂੰ ਜਾਣਨ ਲਈ ਕਈ ਸਰੋਤਾਂ ਨੂੰ ਸਰਗਰਮ ਕੀਤਾ ਗਿਆ। ਜਾਣਕਾਰੀ ਅਨੁਸਾਰ ਮੁੰਡਾ ਦਿੱਲੀ ਤੋਂ ਬੇਂਗਲੂਰੂ ਚਲਾ ਗਿਆ ਅਤੇ ਉੱਥੇ ਇੱਕ ਉਸਾਰੀ ਅਧੀਨ ਇਮਾਰਤ ਵਿਚ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨ ਲੱਗਾ। ਤਮਿਲਨਾਡੂ ਦੇ ਕਿ੍ਰਸ਼ਨਾਗਿਰੀ ਖੇਤਰ (ਕਰਨਾਟਕ-ਤਾਮਿਲਨਾਡੂ ਸੀਮਾ ਦੇ ਨੇੜੇ) ਤੋਂ ਮੁੰਡੇ ਨੂੰ ਫੜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਨਾਬਾਲਗ ਨੇ ਬੇਂਗਲੁਰੂ ਵਿੱਚ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਸੀ ਅਤੇ ਟਰੇਨ ਰਾਹੀਂ ਉੱਥੇ ਪਹੁੰਚਿਆ ਸੀ। ਜਦੋਂ ਟੀਮ ਨੇ ਉਸ ਨੂੰ ਲੱਭਿਆ ਤਾਂ ਉਹ ਇੱਕ ਝੁੱਗੀ ਵਿੱਚ ਰਹਿ ਰਿਹਾ ਸੀ।