ਖਣਨ ਵਿਭਾਗ ਦੀ ਜਾਲ੍ਹੀ ਵੈੱਬਸਾਈਟ ਚਲਾਉਣ ਵਾਲਾ ਮਾਸਟਰਮਾਈਂਡ ਗਿ੍ਰਫ਼ਤਾਰ

0
116

ਚੰਡੀਗੜ੍ਹ, (ਗੁਰਜੀਤ ਬਿੱਲਾ)
ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਨੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਦੀ ਤਰਜ਼ ’ਤੇ ਫਰਜ਼ੀ ਵੈੱਬਸਾਈਟ ਬਣਾ ਕੇ ਜਾਲ੍ਹੀ ਰਸੀਦਾਂ, ਫਾਰਮ ਤਿਆਰ ਕਰਕੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਵਾਹਨਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਦੇਣ ਵਾਲੇ ਮੁੱਖ ਦੋਸ਼ੀ ਨੂੰ ਗਿ੍ਰਫ਼ਤਾਰ ਕੀਤਾ ਹੈ।ਡੀ ਜੀ ਪੀ ਗੌਰਵ ਯਾਦਵ ਨੇ ਸੋਮਵਾਰ ਦੱਸਿਆ ਕਿ ਮੁਲਜ਼ਮ ਦੀ ਪਛਾਣ ਖਰੜ (ਐੱਸ ਏ ਅੱੈਸ ਨਗਰ) ਦੇ ਰਹਿਣ ਵਾਲੇ ਗੌਰਵ ਕੁਮਾਰ ਵਜੋਂ ਹੋਈ ਹੈ, ਜੋ ਮਾਈਨਿੰਗ ਵਿਭਾਗ ਦੀ ਅਸਲ ਅਧਿਕਾਰਤ ਵੈੱਬਸਾਈਟ ‘..’ ਦੀ ਤਰਜ਼ ’ਤੇ ਇਸ ਨਾਲ ਮਿਲਦੀ-ਜੁਲਦੀ ਵੈੱਬਸਾਈਟ . ਬਣਾ ਕੇ ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ਕਰਨ ਵਾਲਿਆਂ ਨੂੰ ਸਹੂਲਤ ਦਿੰਦਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਨਵੰਬਰ 2024 ਵਿੱਚ ਇੱਕ ਫਰਜ਼ੀ ਵੈੱਬਸਾਈਟ ਬਣਾਈ ਸੀ, ਜੋ ਜਨਵਰੀ 2025 ਤੱਕ ਕਾਰਜਸ਼ੀਲ ਰਹੀ।ਯਾਦਵ ਨੇ ਕਿਹਾ ਕਿ ਫਰਜ਼ੀ ਸਲਿੱਪਾਂ ਵਿੱਚ ਅਧਿਕਾਰਤ ਮਾਈਨਿੰਗ ਵੈੱਬਸਾਈਟ ਦੀ ਤਰਜ਼ ’ਤੇ ਇੱਕ ਬਾਰ/ ਕਿਊਆਰ ਸਕੈਨਰ ਕੋਡ ਵੀ ਹੁੰਦਾ ਸੀ, ਜੋ ਵਾਹਨਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਲਗਾਈਆਂ ਸਾਰੀਆਂ ਸੁਰੱਖਿਆ ਜਾਂਚਾਂ ਨੂੰ ਪਾਸ ਕਰਨ ਵਿੱਚ ਮਦਦ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਫਿਰੋਜ਼ਪੁਰ ਦੇ ਇੱਕ ਵਿਅਕਤੀ ਨਾਲ ਮਿਲ ਕੇ 2000 ਤੋਂ ਵੱਧ ਫ਼ਰਜ਼ੀ ਮਾਈਨਿੰਗ ਰਸੀਦਾਂ ਤਿਆਰ ਕੀਤੀਆਂ, ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਗਭਗ 40-50 ਲੱਖ ਰੁਪਏ ਦਾ ਖੋਰਾ ਲੱਗਾ।ਉਹਨਾ ਕਿਹਾ ਕਿ ਵੈੱਬਸਾਈਟ ਬੈਕਅੱਪ, ਜਿਸ ਵਿੱਚ ਫਰਜ਼ੀ ਰਸੀਦਾਂ, ਵਾਹਨਾਂ ਦੀਆਂ ਤਸਵੀਰਾਂ, ਮਾਈਨਿੰਗ ਸਮਗਰੀ ਦੇ ਸਰੋਤਾਂ ਅਤੇ ਪਹੁੰਚ ਸੰਬੰਧੀ ਵੇਰਵੇ ਅਤੇ ਅਪਰਾਧ ਵਿੱਚ ਵਰਤੇ ਗਏ ਕੰਪਿਊਟਰ ਸਿਸਟਮ ਬਰਾਮਦ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਇਸ ਬੇਨਿਯਮੀ ਵਿੱਚ ਸ਼ਾਮਲ ਪੂਰੇ ਗਠਜੋੜ ਦਾ ਪਰਦਾ ਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।ਏ ਡੀ ਜੀ ਪੀ ਸਾਈਬਰ ਕ੍ਰਾਈਮ ਡਵੀਜ਼ਨ ਵੀ. ਨੀਰਜਾ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਮੁੱਖ ਇੰਜੀਨੀਅਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਧਿਕਾਰਤ ਵੈੱਬਸਾਈਟ ਦੀ ਤਰਜ਼ ’ਤੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਸੁਖਾਲੇ ਢੰਗ ਨਾਲ ਅੰਜਾਮ ਦੇਣ ਲਈ ਇੱਕ ਫ਼ਰਜ਼ੀ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਇਹ ਜਾਲ੍ਹੀ ਵੈੱਬਸਾਈਟ ਅਮਰੀਕਾ-ਅਧਾਰਤ ਡੋਮੇਨ ਪ੍ਰੋਵਾਈਡਰ, ‘ਗੋ-ਡੈਡੀ’ ’ਤੇ ਰਜਿਸਟਰਡ ਅਤੇ ਹੋਸਟ ਕੀਤੀ ਗਈ ਸੀ। ਜਦੋਂ ਸਾਈਬਰ ਕ੍ਰਾਈਮ ਅਧਿਕਾਰੀਆਂ ਨੇ ‘ਗੋ-ਡੈਡੀ’ ਦੇ ਕਾਨੂੰਨੀ ਅਧਿਕਾਰੀਆਂ ਅਤੇ ਵੱਖ-ਵੱਖ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨਾਲ ਤਾਲਮੇਲ ਕਰਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਫਰਜ਼ੀ ਵੈੱਬਸਾਈਟ ਮੁਲਜ਼ਮ ਗੌਰਵ ਕੁਮਾਰ ਵੱਲੋਂ ਬਣਾਈ ਗਈ ਸੀ। ਇਸ ਧਾਂਦਲੀ ਵਿੱਚ ਸ਼ਾਮਲ ਦੂਜੇ ਦੋਸ਼ੀ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਤਿਆਰ ਕੀਤੇ ਗਏ ਜ਼ਿਆਦਾਤਰ ਫ਼ਰਜ਼ੀ ਮਾਈਨਿੰਗ ਫਾਰਮ ਲੁਧਿਆਣਾ ਸਥਿਤ ਨਵਯੁਗ ਨਾਂਅ ਦੀ ਫਰਮ ਨਾਲ ਸੰਬੰਧਤ ਹਨ।