43 ਅਫਸਰ ਬਦਲੇ, ਦਲਵਿੰਦਰਜੀਤ ਗੁਰਦਾਸਪੁਰ ਦੇ ਡੀ ਸੀ

0
84

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੋਮਵਾਰ 43 ਆਈ ਏ ਐੱਸ ਅਤੇ ਪੀ ਸੀ ਐੱਸ ਅਫਸਰਾਂ ਨੂੰ ਇਕ ਤੋਂ ਦੂਜੀ ਥਾਂ ਤਬਦੀਲ ਕਰ ਦਿੱਤਾ। ਗੁਰਦਾਸਪੁਰ ਦਾ ਨਵਾਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੂੰ ਲਾਇਆ ਗਿਆ ਹੈ, ਜਦੋਂ ਕਿ ਇੱਥੋਂ ਤਬਦੀਲ ਕੀਤੇ ਉਮਾ ਸ਼ੰਕਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ ਲਾਇਆ ਗਿਆ ਹੈ।
ਰਜਿਸਟਰੀਆਂ ਦਾ ਕੰਮ ਠੱਪ
ਚੰਡੀਗੜ੍ਹ : ਪੰਜਾਬ ਭਰ ਦੀਆਂ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਠੱਪ ਹੋ ਗਿਆ, ਜਦੋਂ ਮਾਲ ਅਫਸਰਾਂ ਨੇ ਹੜਤਾਲ ਕਰ ਦਿੱਤੀ। ਵਿਜੀਲੈਂਸ ਦੀ ਕਾਰਵਾਈ ਦੇ ਵਿਰੋਧ ਵਿੱਚ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਨੇ ਸ਼ੁੱਕਰਵਾਰ ਤੱਕ ਰਜਿਸਟਰੀਆਂ ਨਾ ਕਰਨ ਦਾ ਐਲਾਨ ਕੀਤਾ ਹੈ।
ਹੋਸਟਲ ’ਚ ਖੁਦਕੁਸ਼ੀ
ਹਮੀਰਪੁਰ : ਇੱਥੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਨਿਟ) ਦੇ ਵਿਦਿਆਰਥੀ ਨੇ ਹੋਸਟਲ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਅਯਾਂਸ਼ ਸ਼ਰਮਾ ਯੂ ਪੀ ਦੇ ਬਰੇਲੀ ਦਾ ਸੀ ਅਤੇ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਵਿੱਚ ਡਿਗਰੀ ਕੋਰਸ ਕਰ ਰਿਹਾ ਸੀ ਤੇ ਇਸ ਵੇਲੇ ਪੰਜਵੇਂ ਸਮੈਸਟਰ ’ਚ ਸੀ। ਉਸ ਦੀ ਲਾਸ਼ ਹੋਸਟਲ ਦੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਪਤਾ ਲੱਗਾ ਹੈ ਕਿ ਵਿਦਿਆਰਥੀ ਦੇ ਕਮਰੇ ’ਚੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ।
ਹਵਾਈ ਅੱਡੇ ’ਤੇ 25 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ
ਅੰਮਿ੍ਰਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਥਾਈਲੈਂਡ ਤੋਂ ਆਏ ਵਿਅਕਤੀ ਕੋਲੋਂ ਲਗਭਗ 25 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਵਿੱਚ ਗਾਂਜਾ ਅਤੇ ਸਿੰਥੈਟਿਕ ਡਰੱਗ ਸ਼ਾਮਲ ਹਨ। ਉਸ ਕੋਲੋਂ ਲਗਭਗ 18 ਕਿੱਲੋ 886 ਗਰਾਮ ਗਾਂਜਾ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 18 ਕਰੋੜ 88 ਲੱਖ ਰੁਪਏ ਹੈ ਅਤੇ ਲਗਭਗ ਦੋ ਕਿਲੋ ਚਿੱਟੇ ਰੰਗ ਦੀ ਸਿੰਥੈਟਿਕ ਡਰੱਗ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਲਗਭਗ 7 ਕਰੋੜ ਰੁਪਏ ਹੈ। ਵਿਅਕਤੀ ਥਾਈਲੈਂਡ ਦਾ ਵਾਸੀ ਹੈ ਅਤੇ ਏਅਰ ਇੰਡੀਆ ਐੱਕਸਪ੍ਰੈੱਸ ਹਵਾਈ ਕੰਪਨੀ ਦੀ ਉਡਾਣ ਰਾਹੀਂ ਥਾਈਲੈਂਡ ਤੋਂ ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਐਤਵਾਰ ਰਾਤ ਲਗਭਗ 10 ਵਜੇ ਉਤਰਿਆ ਸੀ।