ਭਾਰਤ-ਚੀਨ ਲਈ ਕਿੱਕਲੀ ਪਾਉਣ ਦਾ ਵੇਲਾ

0
77

ਨਵੀਂ ਦਿੱਲੀ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸ਼ੁੱਕਰਵਾਰ ਕਿਹਾ ਕਿ ਚੀਨ ਤੇ ਭਾਰਤ ਸਰਹੱਦੀ ਸਵਾਲ ਦੇ ਵਾਜਬ ਹੱਲ ਹੋਣ ਤੱਕ ਸਰਹੱਦੀ ਇਲਾਕਿਆਂ ਵਿੱਚ ਅਮਨ-ਚੈਨ ਕਾਇਮ ਰੱਖਣ ਦੀ ਸਮਝਦਾਰੀ ਰੱਖਦੇ ਹਨ। ਉਨ੍ਹਾ ਕਿਹਾ ਕਿ ਦੋਨੋਂ ਦੇਸ਼ ਸਰਹੱਦੀ ਸਵਾਲ ਤੇ ਹੋਰ ਨਿੱਕੇ-ਮੋਟੇ ਮਤਭੇਦਾਂ ਨੂੰ ਦੁਵੱਲੇ ਰਿਸ਼ਤਿਆਂ ਨੂੰ ਪ੍ਰੀਭਾਸ਼ਤ ਕਰਨ ਦੀ ਆਗਿਆ ਨਹੀਂ ਦੇਣਗੇ।
ਚੀਨੀ ਵਿਦੇਸ਼ ਮੰਤਰਾਲੇ ਮੁਤਾਬਕ ਵਾਂਗ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਫਰੈਂਚ ਸ਼ਬਦ ‘ਪਾ ਦ ਦਿਊ’ ਵਰਤਿਆ, ਜਿਸ ਦਾ ਮਤਲਬ ਜੁੱਟ ਨਾਚ ਹੁੰਦਾ ਹੈ। ਵਾਂਗ ਨੇ ਕਿਹਾ ਕਿ ਦੋਹਾਂ ਧਿਰਾਂ ਲਈ ਸਹੀ ਚੋਣ ਇਹੀ ਹੈ ਕਿ ਡਰੈਗਨ ਤੇ ਹਾਥੀ ਮਿਲ ਕੇ ਨੱਚਣ। ਵਾਂਗ ਨੇ ਨੈਸ਼ਨਲ ਪੀਪਲਜ਼ ਕਾਂਗਰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਦੋਨੋਂ ਦੇਸ਼ ਭਾਈਵਾਲ ਹਨ ਤੇ ਇੱਕ-ਦੂਜੇ ਦੀ ਕਾਮਯਾਬੀ ਲੋਚਦੇ ਹਨ।
ਵਾਂਗ, ਜਿਹੜੇ ਕਿ ਸਰਹੱਦੀ ਗੱਲਬਾਤ ਵਿੱਚ ਚੀਨ ਦੇ ਵਿਸ਼ੇਸ਼ ਨੁਮਾਇੰਦੇ ਹਨ, ਨੇ ਕਿਹਾ ਕਿ ਦੋਹਾਂ ਲਈ ਜ਼ਰੂਰੀ ਹੈ ਕਿ ਠਿੱਬੀ ਲਾਉਣ ਦੀ ਥਾਂ ਇੱਕ-ਦੂਜੇ ਦੀ ਹਮਾਇਤ ਕਰਨ। ਇਹੀ ਰਾਹ ਦੋਹਾਂ ਦੇਸ਼ਾਂ ਤੇ ਉਨ੍ਹਾਂ ਦੇ ਲੋਕਾਂ ਦੇ ਬੁਨਿਆਦੀ ਹਿੱਤਾਂ ਦੀ ਸਹੀ ਅਰਥਾਂ ਵਿੱਚ ਪੂਰਤੀ ਕਰੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਪਿਛਲੇ ਸਾਲ ਰੂਸ ਦੇ ਕਜ਼ਾਨ ਵਿੱਚ ਹੋਈਆਂ ਸਹਿਮਤੀਆਂ ਤੋਂ ਬਾਅਦ ਭਾਰਤ ਤੇ ਚੀਨ ਨੇ ਰਿਸ਼ਤਿਆਂ ’ਚ ਖਿਚਾਅ ਘਟਾਉਣ ਤੇ ਭਰੋਸਾ ਮਜ਼ਬੂਤ ਕਰਨ ਲਈ ਉੱਚ-ਪੱਧਰੀ ਵਿਚਾਰ-ਵਟਾਂਦਰੇ ਸ਼ੁਰੂ ਕੀਤੇ ਸਨ। ਰਿਸ਼ਤੇ ਸੁਧਾਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਚੀਨੀ ਆਗੂਆਂ ਨਾਲ ਗੱਲਾਂਬਾਤਾਂ ਕੀਤੀਆਂ ਸਨ।
ਵਾਂਗ ਨੇ ਕਿਹਾ ਕਿ ਚੀਨ ਤੇ ਭਾਰਤ ਨੇ ਚੌਧਰਵਾਦ ਤੇ ਤਾਕਤ ਦੀ ਸਿਆਸਤ ਦਾ ਵਿਰੋਧ ਕਰਨ ਵਿੱਚ ਫੈਸਲਾਕੁੰਨ ਰੋਲ ਨਿਭਾਉਣਾ ਹੈ। ਵਾਂਗ ਨੇ ਕਿਹਾ ਕਿ ਇਹ ਸਾਲ ਚੀਨ-ਭਾਰਤ ਦੂਤਕ ਰਿਸ਼ਤਿਆਂ ਦਾ 75ਵਾਂ ਸਾਲ ਹੈ। ਚੀਨ ਰਿਸ਼ਤਿਆਂ ਨੂੰ ਲੀਹ ’ਤੇ ਲਿਆਉਣ ਤੇ ਵਿਕਸਤ ਕਰਨ ਲਈ ਤਿਆਰ ਹੈ।