ਨਵੀਂ ਦਿੱਲੀ : ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾ ਪੰਜਾਬ ਪੁਲਸ ਤੋਂ ਪਾਦਰੀ ਬਜਿੰਦਰ ਸਿੰਘ ਵਿਰੁੱਧ ਤੇਜ਼ੀ ਨਾਲ ਕਾਰਵਾਈ ਦੀ ਮੰਗ ਕੀਤੀ ਹੈ। ਪਾਦਰੀ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਰਾਹਤਕਰ ਨੇ ਕਿਹਾ ਕਿ ਕਮਿਸ਼ਨ ਨੇ ਪੰਜਾਬ ਪੁਲਸ ਨੂੰ ਤਿੰਨ ਦਿਨਾਂ ਦੇ ਅੰਦਰ ਇਸ ਮਾਮਲੇ ਵਿੱਚ ਕਾਰਵਾਈ ਰਿਪੋਰਟ ਅਤੇ ਐੱਫ ਆਈ ਆਰ ਦੀ ਇੱਕ ਕਾਪੀ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾ ਕਿਹਾ ਕਿ ਪੰਜਾਬ ਦੇ ਇੱਕ ਪਾਦਰੀ ਨਾਲ ਜੁੜਿਆ ਮਾਮਲਾ ਬਹੁਤ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਜਿਸ ਤਰ੍ਹਾਂ ਕੁੜੀ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ, ਉਹ ਬਹੁਤ ਚਿੰਤਾਜਨਕ ਹੈ। ਉਨ੍ਹਾ ਦੱਸਿਆ ਕਿ ਕਮਿਸ਼ਨ ਨੇ ਇਸ ਘਟਨਾ ਦਾ ਖੁਦ ਨੋਟਿਸ ਲਿਆ ਹੈ ਅਤੇ ਪੰਜਾਬ ਪੁਲਸ ਨੂੰ ਪੁੱਛਿਆ ਹੈ ਕਿ ਉਹ ਕੀ ਕਾਰਵਾਈ ਕਰਨਗੇ। ਪੰਜਾਬ ਪੁਲਸ ਨੇ 2 ਮਾਰਚ ਨੂੰ ਦੱਸਿਆ ਸੀ ਕਿ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਗਿਰਜਾਘਰ ਦੇ ਪਾਦਰੀ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ 22 ਸਾਲਾ ਕੁੜੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਕੁੜੀ ਨੇ ਦੋਸ਼ ਲਗਾਇਆ ਹੈ ਕਿ ਉਹ ਅਤੇ ਉਸ ਦੇ ਮਾਪੇ ਅਕਤੂਬਰ 2017 ਤੋਂ ਗਿਰਜਾਘਰ ਜਾ ਰਹੇ ਹਨ। ਪਾਦਰੀ ਨੇ ਉਸ ਦਾ ਮੋਬਾਇਲ ਫੋਨ ਨੰਬਰ ਲੈ ਲਿਆ ਅਤੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਸ਼ਿਕਾਇਤ ਅਨੁਸਾਰ ਉਸ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਨਹੀਂ ਦੱਸਿਆ, ਕਿਉਂਕਿ ਉਹ ਬਜਿੰਦਰ ਸਿੰਘ ਤੋਂ ਡਰਦੀ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 2022 ਤੋਂ ਬਜਿੰਦਰ ਸਿੰਘ ਕਥਿਤ ਤੌਰ ’ਤੇ ਉਸ ਨੂੰ ਐਤਵਾਰ ਨੂੰ ਗਿਰਜਾਘਰ ਦੇ ਇਕ ਕੈਬਿਨ ਵਿੱਚ ਇਕੱਲਿਆਂ ਬਿਠਾਉਂਦਾ ਸੀ ਅਤੇ ਉਸ ਨੂੰ ਇਤਰਾਜ਼ਯੋਗ ਢੰਗ ਨਾਲ ਛੂੰਹਦਾ ਸੀ। ਪੁਲਸ ਨੇ ਦੱਸਿਆ ਕਿ ਬਜਿੰਦਰ ਸਿੰਘ ਵਿਰੁੱਧ 354 ਏ (ਜਿਨਸੀ ਸ਼ੋਸ਼ਣ), 354-ਡੀ (ਪਿੱਛਾ ਕਰਨਾ) ਅਤੇ 506 (ਅਪਰਾਧਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


