ਨਵੀਂ ਦਿੱਲੀ : ਕੇਂਦਰੀ ਰੇਲ ਮੰਤਰੀ ਵਜੋਂ ਲਾਲੂ ਪ੍ਰਸਾਦ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਜ਼ਮੀਨੀ ਘਪਲੇ ਸੰਬੰਧੀ ਸੀ ਬੀ ਆਈ ਨੇ ਬੁੱਧਵਾਰ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਕਈ ਨੇਤਾਵਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅਜਿਹੇ ਸਮੇਂ ਕੀਤੀ ਗਈ, ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਵਿਧਾਨ ਸਭਾ ਵਿਚ ਵਿਸ਼ਵਾਸ ਮੱਤ ਹਾਸਲ ਕਰਨਾ ਸੀ। ਨਿਤੀਸ਼ ਕੁਮਾਰ ਨੇ ਹਾਲ ਹੀ ਵਿਚ ਭਾਜਪਾ ਨਾਲੋਂ ਨਾਤਾ ਤੋੜ ਕੇ ਰਾਸ਼ਟਰੀ ਜਨਤਾ ਦਲ ਨਾਲ ਹੱਥ ਮਿਲਾ ਲਿਆ ਸੀ। ਸੁਨੀਲ ਸਿੰਘ, ਅਸ਼ਫਾਕ ਕਰੀਮ, ਫਯਾਜ਼ ਅਹਿਮਦ ਅਤੇ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸੁਬੋਧ ਰਾਏ ਸਮੇਤ ਰਾਸ਼ਟਰੀ ਜਨਤਾ ਦਲ ਦੇ ਕਈ ਸੀਨੀਅਰ ਨੇਤਾਵਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।



