ਮੁੰਬਈ : ਆਈ ਸੀ ਸੀ ਚੈਂਪੀਅਨਜ਼ ਟਰਾਫੀ ਦੇ ਆਸਟਰੇਲੀਆ ਖਿਲਾਫ ਸੈਮੀਫਾਈਨਲ ਮੈਚ ਦੌਰਾਨ ਮੁਹੰਮਦ ਸ਼ਮੀ ਦੀ ਰਮਜ਼ਾਨ ਮਹੀਨੇ ਦਾ ਰੋਜ਼ਾ ਨਾ ਰੱਖਣ ’ਤੇ ਨੁਕਤਾਚੀਨੀ ਕਰਨ ਦੇ ਮਾਮਲੇ ਵਿੱਚ ਦਖਲ ਦਿੰਦਿਆਂ ਉੱਘੇ ਗੀਤਕਾਰ ਜਾਵੇਦ ਅਖਤਰ ਨੇ ਸ਼ਮੀ ਨੂੰ ਕਿਹਾ ਹੈ ਕਿ ਉਹ ਅਜਿਹੇ ਪਿਛਾਖੜੀ ਤੁਅੱਸਬੀ ਬੂਝੜਾਂ ਵੱਲ ਧਿਆਨ ਨਾ ਦੇਵੇ। ਦੁਬਈ ਵਿੱਚ ਮੰਗਲਵਾਰ ਖੇਡੇ ਗਏ ਮੈਚ ਦੌਰਾਨ ਸ਼ਮੀ ਨੂੰ ਐਨਰਜੀ ਡਰਿੰਕ ਲੈਂਦਿਆਂ ਦੇਖਿਆ ਗਿਆ ਸੀ। ਆਲ ਇੰਡੀਆ ਮੁਸਲਿਮ ਜਮਾਤ ਦੇ ਕੌਮੀ ਪ੍ਰਧਾਨ ਮੌਲਾਣਾ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਇਸ ’ਤੇ ਕਿਹਾ ਸੀ ਕਿ ਸ਼ਮੀ ਨੇ ਪਾਪ ਕੀਤਾ ਹੈ। ਆਪਣੀ ਰਾਇ ਖੁੱਲ੍ਹੇਆਮ ਪ੍ਰਗਟ ਕਰਨ ਲਈ ਜਾਣੇ ਜਾਂਦੇ ਜਾਵੇਦ ਅਖਤਰ ਨੇ ਸ਼ਮੀ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਬੂਝੜਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਵੇ, ਜਿਨ੍ਹਾਂ ਨੂੰ ਦੁਬਈ ਦੀ ਤੇਜ਼ ਧੁੱਪ ਵਿੱਚ ਪਾਣੀ ਪੀਣ ’ਤੇ ਸਮੱਸਿਆ ਹੈ।
ਜਿੰਨੀ ਦੇਰ ਗੁਰੂ ਨੇ ਸੇਵਾ ਬਖਸ਼ੀ…
ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਤੋਂ ਹਟਾਏ ਜਾਣ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਜਿੰਨੀ ਦੇਰ ਗੁਰੂ ਨੇ ਸੇਵਾ ਬਖਸ਼ੀ ਹੈ, ਉਨ੍ਹਾ ਗੁਰੂ ਦੇ ਹੁਕਮ ਅੰਦਰ ਓਨਾ ਸਮਾਂ ਸੇਵਾ ਕੀਤੀ ਹੈ। ਉਹ ਗੁਰੂ ਦੇ ਹੁਕਮ ਵਿੱਚ ਖੁਸ਼ ਹਨ। ਉਨ੍ਹਾ ਦੱਸਿਆ ਕਿ ਇਸ ਫੈਸਲੇ ਤੋਂ ਬਾਅਦ ਉਨ੍ਹਾ ਸ੍ਰੀ ਅਕਾਲ ਤਖਤ ਵਿਖੇ ਮੱਥਾ ਟੇਕਿਆ ਅਤੇ ਹੋਈਆਂ ਭੁੱਲਾਂ-ਚੁੱਕਾਂ ਦੀ ਖਿਮਾ ਯਾਚਨਾ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ। ਗੁਰੂ ਘਰ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਅਤੇ ਗੁਰੂ ਨੇ ਉਨ੍ਹਾ ਕੋਲੋਂ ਚੰਗੇ ਢੰਗ ਨਾਲ ਸੇਵਾ ਲਈ।
ਪੈਸੇ ਚੁੱਕਦੇ ਦੀ ਕਰੰਟ ਨਾਲ ਮੌਤ
ਟੋਹਾਣਾ : ਪਿੰਡ ਤਾਜਪੁਰ ਵਿੱਚ ਵਿਆਹ ਵੇਲੇ ਬਰਾਤੀਆਂ ਵੱਲੋਂ ਸੁੱਟੇ/ਵਾਰੇ ਨੋਟ ਚੁੱਕਦੇ ਸਮੇਂ ਪਿੰਡ ਦੇ ਵਿਦਿਆਰਥੀ ਹਿਮਾਂਸ਼ੂ (14) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਦੋਂ ਨੋਟਾਂ ਦੀ ਮੁੱਠ ਭਰ ਕੇ ਲਾੜੇ ਉਤੋਂ ਸੁੱਟੀ ਗਈ ਤਾਂ ਕਾਫੀ ਨੋਟ ਗਲੀ ਦੇ ਇੱਕ ਮਕਾਨ ਦੀ ਛੱਤ ’ਤੇ ਜਾ ਡਿੱਗੇ। ਹਿਮਾਂਸ਼ੂ ਨੋਟ ਲੁੱਟਣ ਲਈ ਮਕਾਨ ਦੀ ਛੱਤ ’ਤੇ ਚਲਾ ਗਿਆ ਅਤੇ ਉਥੋਂ ਲੰਘਦੀਆਂ ਹਾਈ ਵੋਲਟੇਜ ਵਾਲੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ। ਦਰਦਨਾਕ ਹਾਦਸੇ ਵਿੱਚ ਬੱਚਾ ਤੜਫਦਾ ਰਿਹਾ ਤੇ ਵਾਰ-ਵਾਰ ਤਾਰਾਂ ਨਾਲ ਟਕਰਾਉਣ ਕਾਰਨ ਉਸ ਦਾ ਪੈਰ ਵੀ ਕੱਟਿਆ ਗਿਆ। ਹਿਮਾਂਸ਼ੂ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ।
ਟੋਰਾਂਟੋ ਦੀ ਪੱਬ ’ਚ ਗੋਲੀਬਾਰੀ
ਟੋਰਾਂਟੋ : ਪੂਰਬੀ ਟੋਰਾਂਟੋ ਦੇ ਇੱਕ ਪੱਬ ਵਿੱਚ ਗੋਲੀਬਾਰੀ ’ਚ 12 ਲੋਕ ਜ਼ਖਮੀ ਹੋ ਗਏ। ਸਕਾਰਬਰੋ ਟਾਊਨ ਸੈਂਟਰ ਮਾਲ ਨੇੜੇ ਸ਼ੁੱਕਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਕੁਝ ਨੂੰ ਮਾਮੂਲੀ ਅਤੇ ਕੁਝ ਨੂੰ ਗੰਭੀਰ ਜ਼ਖਮ ਆਏ ਹਨ। ਮਾਮਲੇ ਵਿਚ ਇੱਕ ਸ਼ੱਕੀ ਫਰਾਰ ਹੈ ਅਤੇ ਪੁਲਸ ਨੇ ਕਿਹਾ ਕਿ ਗੋਲੀਬਾਰੀ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


