ਮਨੀਪੁਰ ’ਚ ਮੁੜ ਸਾੜ-ਫੂਕ

0
95

ਇੰਫਾਲ : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸਨਿੱਚਰਵਾਰ ਸੱਜਰੀ ਗੜਬੜ ਦੇਖਣ ਨੂੰ ਮਿਲੀ, ਜਦੋਂ ਸੁਰੱਖਿਆ ਬਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 8 ਮਾਰਚ ਤੋਂ ਸੂਬੇ ਭਰ ਵਿੱਚ ਅਜ਼ਾਦਾਨਾ ਆਵਾਜਾਈ ਯਕੀਨੀ ਬਣਾਏ ਜਾਣ ਦੀਆਂ ਜਾਰੀ ਹਦਾਇਤਾਂ ਅਤੇ ਇੱਕ ਮੈਤੇਈ ਸੰਗਠਨ ਵੱਲੋਂ ਕੀਤੇ ਜਾ ਰਹੇ ‘ਸ਼ਾਂਤੀ ਮਾਰਚ’ ਦਾ ਵਿਰੋਧ ਕਰਨ ਵਾਲੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ। ਪੁਲਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਦੀ ਸੁਰੱਖਿਆ ਕਰਮੀਆਂ ਨਾਲ ਝੜਪ ਹੋਈ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇੰਫਾਲ ਤੋਂ ਸੈਨਾਪਤੀ ਜ਼ਿਲ੍ਹੇ ਲਈ ਜਾ ਰਹੀ ਸਰਕਾਰੀ ਟਰਾਂਸਪੋਰਟ ਵਿਭਾਗ ਦੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਕੁਝ ਨਿੱਜੀ ਵਾਹਨਾਂ ਨੂੰ ਸਾੜ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇੰਫਾਲ-ਦੀਮਾਪੁਰ ਹਾਈਵੇ ਉਤੇ ਟਾਇਰਾਂ ਨੂੰ ਅੱਗਾਂ ਲਾ ਦਿੱਤੀਆਂ ਅਤੇ ਰਾਜ ਸਰਕਾਰ ਦੇ ਵਾਹਨਾਂ ਦੀ ਕਿਸੇ ਵੀ ਆਵਾਜਾਈ ਨੂੰ ਰੋਕਣ ਲਈ ਸੜਕਾਂ ਦੇ ਵਿਚਕਾਰ ਇਕੱਠੇ ਹੋ ਗਏ। ਮੈਤੇਈ ਸੰਸਥਾ ਫੈਡਰੇਸ਼ਨ ਆਫ਼ ਸਿਵਲ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਸ਼ਾਂਤੀ ਮਾਰਚ ਦੇ ਵਿਰੁੱਧ ਵੀ ਮੁਜ਼ਾਹਰਾ ਕੀਤਾ ਗਿਆ ਸੀ।