ਤਰਨ ਤਾਰਨ/ਭਿੱਖੀਵਿੰਡ/ ਖਾਲੜਾ/ਪੱਟੀ (ਪਿ੍ਰਤਪਾਲ ਸਿੰਘ/ਰਣਬੀਰ ਗੋਲਣ/ਲਖਵਿੰਦਰ ਗੋਲਣ/ਬਲਦੇਵ ਸਿੰਘ ਸੰਧੂ)
ਤਰਨ ਤਾਰਨ ਪੁਲਸ ਨੇ ਵੱਡੀ ਮੱਛੀ ਸ਼ਹਿਨਾਜ਼ ਸਿੰਘ ਉਰਫ ਸ਼ੌਨ ਭਿੰਡਰ, ਜੋ ਕਿ ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੂੰ ਲੋੜੀਂਦਾ ਭਾਰਤੀ ਮੂਲ ਦਾ ਅੰਤਰਰਾਸ਼ਟਰੀ ਡਰੱਗ ਲਾਰਡ ਹੈ, ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸ਼ੌਨ ਭਿੰਡਰ ਬਟਾਲਾ ਦੇ ਪਿੰਡ ਮੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਉਹ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉਹ 26 ਫਰਵਰੀ, 2025 ਨੂੰ ਅਮਰੀਕਾ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਵਿੱਚ ਐੱਫ ਬੀ ਆਈ ਨੂੰ ਲੋੜੀਂਦਾ ਸੀ, ਜਿਸ ਵਿੱਚ ਅੱੈਫ ਬੀ ਆਈ ਨੇ ਅਮਰੀਕਾ ਵਿੱਚ ਉਸ ਦੇ ਛੇ ਸਾਥੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 391 ਕਿੱਲੋਗ੍ਰਾਮ ਮੈਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ, ਚਾਰ ਆਧੁਨਿਕ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਸਨ। ਇਸ ਮਾਮਲੇ ਵਿੱਚ ਐੱਫ ਬੀ ਆਈ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਦੀ ਪਛਾਣ ਅੰਮਿ੍ਰਤਪਾਲ ਸਿੰਘ ਉਰਫ਼ ਅੰਮਿ੍ਰਤ ਉਰਫ਼ ਬੱਲ, ਅੰਮਿ੍ਰਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਸਾਬੀ, ਫਰਨਾਂਡੋ ਵਾਲਾਡੇਰੇਸ ਉਰਫ਼ ਫ੍ਰੈਂਕੋ ਅਤੇ ਗੁਰਲਾਲ ਸਿੰਘ ਵਜੋਂ ਹੋਈ ਸੀ।
ਡੀ ਜੀ ਪੀ ਨੇ ਦੱਸਿਆ ਕਿ ਸ਼ੌਨ ਭਿੰਡਰ ਇੱਕ ਅੰਤਰਰਾਸ਼ਟਰੀ ਨਾਰਕੋਟਿਕਸ ਸਿੰਡੀਕੇਟ ਦਾ ਮੁੱਖ ਸਰਗਨਾ ਸੀ, ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਸੀ।
ਐੱਫ ਬੀ ਆਈ ਵੱਲੋਂ ਕੀਤੀ ਗਈ ਕਾਰਵਾਈ ਉਪਰੰਤ ਸ਼ੌਨ ਭਿੰਡਰ ਐੱਫ ਬੀ ਆਈ ਦੇ ਜਾਸੂਸਾਂ ਨੂੰ ਚਕਮਾ ਦੇ ਕੇ ਭਾਰਤ ਵਾਪਸ ਆ ਗਿਆ। ਪੰਜਾਬ ਪੁਲਸ ਨੇ ਉਸ ਨੂੰ ਸਫਲਤਾਪੂਰਵਕ ਟਰੈਕ ਕਰਕੇ ਲੁਧਿਆਣਾ ਖੇਤਰ ਤੋਂ ਗਿ੍ਰਫ਼ਤਾਰ ਕਰ ਲਿਆ।
ਡੀ ਜੀ ਪੀ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤਾ ਗਿਆ ਉਕਤ ਮੁਲਜ਼ਮ ਦਸੰਬਰ 2024 ਵਿੱਚ ਅਸਲਾ ਐਕਟ ਤਹਿਤ ਦਰਜ ਕੀਤੇ ਮਾਮਲੇ ਵਿੱਚ ਵੀ ਲੋੜੀਂਦਾ ਸੀ, ਜਿਸ ਵਿੱਚ ਤਰਨ ਤਾਰਨ ਪੁਲਸ ਨੇ ਬਦਨਾਮ ਜੱਗੂ ਭਗਵਾਨਪੁਰੀਆ ਅਤੇ ਅੰਮਿ੍ਰਤਪਾਲ ਬਾਠ ਗੈਂਗ ਦੇ ਪੰਜ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਸੀ।ਡੀ ਆਈ ਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਜੋ ਐੱਸ ਐੱਸ ਪੀ ਤਰਨ ਤਾਰਨ ਅਭਿਮਨਿਊ ਰਾਣਾ ਨਾਲ ਇੱਕ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੌਨ ਭਿੰਡਰ ਨੇ ਟਰੱਕਾਂ ਅਤੇ ਟ੍ਰੇਲਰਾਂ ਰਾਹੀਂ ਅੰਤਰਰਾਸ਼ਟਰੀ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸ਼ੌਨ ਭਿੰਡਰ 2014 ਤੋਂ ਕੈਨੇਡਾ ਵਿੱਚ ਟਰਾਂਸਪੋਰਟ ਕਾਰੋਬਾਰ ਕਰ ਰਿਹਾ ਸੀ ਅਤੇ ਉਸ ਦੀ ਆੜ ਵਿੱਚ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾ ਅੱਗੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ੌਨ ਭਿੰਡਰ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਹਫ਼ਤੇ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਅਤੇ ਕੈਨੇਡਾ ਵਿੱਚ ਲੱਗਭੱਗ 600 ਕਿਲੋਗ੍ਰਾਮ ਕੋਕੀਨ ਸਪਲਾਈ ਕਰ ਰਿਹਾ ਸੀ।ਐੱਸ ਐੱਸ ਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਗਿ੍ਰਫ਼ਤਾਰ ਮੁਲਜ਼ਮ ਦਾ ਅੰਮਿ੍ਰਤਪਾਲ ਸਿੰਘ ਉਰਫ਼ ਬਾਠ ਅਤੇ ਗੁਰਜੰਟ ਸਿੰਘ ਭੋਲੂ ਹਵੇਲੀਆ ਸਮੇਤ ਬਦਨਾਮ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।ਜ਼ਿਕਰਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਤਰਨ ਤਾਰਨ ਪੁਲਸ ਨੇ ਐੱਨ ਡੀ ਪੀ ਐੱਸ ਐਕਟ ਤਹਿਤ 145 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ 125 ਮਾਮਲੇ ਦਰਜ ਕੀਤੇ ਹਨ ਅਤੇ 34 ਕਿਲੋ ਹੈਰੋਇਨ, 4 ਕਿਲੋ ਅਫੀਮ ਅਤੇ 2.29 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਐੱਨ ਡੀ ਪੀ ਐੱਸ ਐਕਟ ਦੇ ਮਾਮਲਿਆਂ ਵਿੱਚ 29 ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।