ਕਿਸ਼ਨਗੜ੍ਹ (ਸੁਖਜੀਤ ਕੁਮਾਰ)
ਜਲੰਧਰ-ਜੰਮੂ ਹਾਈਵੇਅ ’ਤੇ ਕਾਲਾ ਬੱਕਰਾ ਨੇੜੇ ਸੋਮਵਾਰ ਤੜਕੇ ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ ’ਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 11 ਜ਼ਖ਼ਮੀ ਹੋ ਗਏ। ਮਿ੍ਰਤਕਾਂ ਵਿੱਚ ਜੰਮੂ-ਕਸ਼ਮੀਰ ਦੇ ਰਿਆਸੀ ਦਾ ਬੱਸ ਚਾਲਕ ਸੁਖਵੰਤ ਸਿੰਘ, ਦਿੱਲੀ ਦੇ ਉੱਤਮ ਨਗਰ ਦਾ ਕੁਲਦੀਪ ਸਿੰਘ ਤੇ ਉਸ ਦਾ ਪੁੱਤਰ ਗੁਰਬਚਨ ਸਿੰਘ, ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਫੱਲੇਵਾਲ ਦਾ ਵਰਿੰਦਰ ਸਿੰਘ ਸ਼ਾਮਲ ਹਨ।
ਅਸ਼ੋਕ ਬੱਸ ਸਰਵਿਸ ਦੀ ਟੂਰਿਸਟ ਬੱਸ ਕਾਲਾ ਬੱਕਰਾ ਕੋਲ ਪੁੱਜੀ ਤਾਂ ਉਸ ਦੀ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੀ ਪਲਟ ਗਈ। ਹਾਦਸੇ ਤੋਂ ਫੌਰੀ ਮਗਰੋਂ ਐੱਸ ਐੱਸ ਐੱਫ ਤੇ ਭੋਗਪੁਰ ਪੁਲਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਾਦਸੇ ਦੇ ਜ਼ਖਮੀਆਂ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚ ਟਰੈਕਟਰ-ਟਰਾਲੀ ਸਵਾਰ ਤਿੰਨ ਪਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਟਰੈਕਟਰ ਚਾਲਕ ਪਰਵਿੰਦਰ ਸਿੰਘ ਦੇ ਪੈਰ ਵਿੱਚ ਵੀ ਗੰਭੀਰ ਸੱਟ ਲੱਗੀ ਹੈ। ਹੋਰਨਾਂ ਜ਼ਖਮੀਆਂ ’ਚ ਉੱਤਰਾਖੰਡ ਦੀ ਰੇਖਾ ਪਤਨੀ ਮਹਿੰਦਰ ਸਿੰਘ, ਰਾਣੀ ਚੌਧਰੀ ਪਤਨੀ ਚੰਦਰਸ਼ੇਖਰ ਚੌਧਰੀ, ਮਹਿੰਦਰ ਸਿੰਘ ਪੁੱਤਰ ਸ਼ੇਖਰ ਸਿੰਘ, ਸ਼ਮਾਂ ਦੇਵੀ ਪਤਨੀ ਬਚਨ ਸਿੰਘ, ਜੰਮੂ ਦਾ ਸੋਹਣ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਚੰਬਲ ਦਾ ਯੋਗਰ ਕੁਮਾਰ ਪੁੱਤਰ ਚੁੰਨੀ ਲਾਲ, ਗਾਜ਼ੀਆਬਾਦ ਦਾ ਸੰਨੀ ਚੌਧਰੀ ਪੁੱਤਰ ਬਿੰਨੀ ਸਿੰਘ, ਬਹਿਰਾਮ ਭੋਗਪੁਰ ਦਾ ਪਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਸ਼ਾਮਲ ਹਨ। ਪੁਲਸ ਤੇ ਪ੍ਰਸ਼ਾਸਨ ਨੇ ਜੇ ਸੀ ਬੀ ਦੀ ਮਦਦ ਨਾਲ ਲਾਸ਼ਾਂ ਤੇ ਯਾਤਰੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਕੁਝ ਦੇਰ ਲਈ ਹਾਈਵੇਅ ’ਤੇ ਜਾਮ ਵਾਲੇ ਹਾਲਾਤ ਬਣੇ ਰਹੇ, ਪਰ ਪੁਲਸ ਨੇ ਜਲਦੀ ਹੀ ਹਾਈਵੇ ’ਤੇ ਆਵਾਜਾਈ ਸ਼ੁਰੂ ਕਰਾ ਦਿੱਤੀ। ਪਚਰੰਗਾ ਪੁਲਸ ਥਾਣੇ ਦੇ ਇੰਚਾਰਜ ਏ ਐੱਸ ਆਈ ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ ਸਾਢੇੇ ਪੰਜ ਵਜੇ ਦੇ ਕਰੀਬ ਹੋਇਆ।




