ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ ਅੰਮਿ੍ਰਤ ਵੇਲੇ ਤਖਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ। ਉਨ੍ਹਾ ਦੇ ਸੇਵਾ ਸੰਭਾਲ ਤੋ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਅਤੇ ਤਖਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ।
ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਧਾਰਮਕ ਤੇ ਸਿਆਸੀ ਤੌਰ ’ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ-ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ’ਤੇ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਪ੍ਰਪਾਟੀ ਚੱਲ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਸਬੰਧ ਵਿੱਚ 2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਫੈਸਲੇ ਬਾਰੇ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਗੁਰਮਤਿ ਦੀ ਰੌਸ਼ਨੀ ਵਿੱਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ’ਤੇ ਇੰਨ-ਬਿੰਨ ਲਾਗੂ ਹੁੰਦੀ ਹੈ। ਸੋ ਅਜਿਹੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਭਰਤੀ ਕਮੇਟੀ ਦੇ ਸੰਬੰਧ ਵਿੱਚ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਸੰਬੰਧਤ ਧਿਰਾਂ ਦੇ ਇਤਰਾਜ਼ ਦੂਰ ਕਰਨ ਹਿੱਤ ਫੈਸਲਾ ਲਿਆ ਜਾਵੇਗਾ। ਸੰਬੰਧਤ ਧਿਰਾਂ ਨੂੰ ਤਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਸੰਬੰਧ ਵਿੱਚ ਇੱਕ-ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ। ਉਨ੍ਹਾ ਕਿਹਾ ਕਿ 2 ਦਸੰਬਰ ਦੇ ਫੈਸਲਿਆਂ ਵਿੱਚ ਇੱਕ ਅਹਿਮ ਫੈਸਲਾ ਪੰਥਕ ਏਕਤਾ ਦਾ ਵੀ ਕੀਤਾ ਗਿਆ ਸੀ, ਜਿਸ ਸੰਬੰਧ ਵਿੱਚ ਦੋਵਾਂ ਧਿਰਾਂ ਵੱਲੋਂ ਹੁਣ ਤੱਕ ਕੋਈ ਉਦਮ ਨਹੀਂ ਕੀਤਾ ਗਿਆ। ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਵੀ ਸੰਬੰਧਤ ਧਿਰਾਂ ਦੇ ਦਾਅਵਿਆਂ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ।




