‘ਨੌਜਵਾਨ ਹੋਲੇ-ਮਹੱਲੇ ’ਚ ਦਸਤਾਰਾਂ ਸਜਾ ਕੇ ਪੁੱਜਣ’

0
27

ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗਲਵਾਰ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਤਿਉਹਾਰ ਮੌਕੇ ਹੁੱਲੜਬਾਜ਼ੀ ਨਾ ਕੀਤੀ ਜਾਵੇ ਅਤੇ ਮੇਲੇ ਸਮੇਂ ਨਤਮਸਤਕ ਹੋਣ ਵਾਸਤੇ ਆਉਣ ਵਾਲੀ ਸਮੁੱਚੀ ਨੌਜਵਾਨ ਪੀੜ੍ਹੀ ਦਸਤਾਰਾਂ ਸਜਾ ਕੇ ਆਵੇ। ਆਪਣਾ ਪਹਿਲਾ ਸੰਦੇਸ਼ ਜਾਰੀ ਕਰਦਿਆਂ ਉਨ੍ਹਾ ਵੀਡੀਓ ਸੁਨੇਹੇ ਰਾਹੀ ਸਿੱਖ ਕੌਮ ਨੂੰ ਕਿਹਾ ਕਿ ਸਿੱਖ ਕੌਮ ਕਈ ਕੌਮੀ ਤਿਉਹਾਰ ਮਨਾਉਂਦੀ ਹੈ ਅਤੇ ਇਨ੍ਹਾਂ ਵਿੱਚੋਂ ਹੀ ਇੱਕ ਹੋਲੇ ਮਹੱਲੇ ਦਾ ਤਿਉਹਾਰ ਹੈ। ਇਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ। ਪਿਛਲੇ ਸਮੇਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਕੀਤਾ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਣ ਵਾਲਾ ਕੋਈ ਵੀ ਨੌਜਵਾਨ ਜਾਂ ਕੋਈ ਵੀ ਵਿਅਕਤੀ ਹੁੱਲੜਬਾਜ਼ੀ ਨਾ ਕਰੇ। ਇਸ ਨਾਲ ਅਜਿਹੇ ਕੌਮੀ ਤਿਉਹਾਰਾਂ ਦੀ ਮਾਣ-ਮਰਿਆਦਾ ਨੂੰ ਢਾਹ ਲੱਗਦੀ ਹੈ। ਉਨ੍ਹਾ ਕਿਹਾ ਕਿ ਇਸ ਮੌਕੇ ਸਮੁੱਚਾ ਖਾਲਸਾ ਪੰਥ ਇਕੱਠਾ ਹੋ ਰਿਹਾ ਹੈ ਅਤੇ ਅਸੀਂ ਸਾਰੇ ਇਸੇ ਖਾਲਸਾ ਪਰਵਾਰ ਦਾ ਹਿੱਸਾ ਹਾਂ। ਇਸ ਲਈ ਖਾਲਸਾ ਪਰਵਾਰ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਣ ਵਾਲਾ ਹਰ ਇੱਕ ਨੌਜਵਾਨ ਭਾਵੇਂ ਉਸ ਨੇ ਕੇਸ ਨਹੀਂ ਰੱਖੇ ਹੋਏ ਹਨ, ਦਸਤਾਰ ਸਜਾ ਕੇ ਆਵੇ ਅਤੇ ਇਸ ਸਮਾਗਮ ਤੋਂ ਗੁਰਸਿੱਖੀ ਦੀ ਸੇਧ ਲੈ ਕੇ ਜਾਵੇ।