ਅੰਮਿ੍ਰਤਸਰ : ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਅਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਹੋਈ ਨਿਯੁਕਤੀ ਤੇ ਸੇਵਾ ਸੰਭਾਲ ਦੇ ਮਾਮਲੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਵਿੱਚ ਮਰਿਆਦਾ ਦਾ ਵੱਡਾ ਘਾਣ ਕੀਤਾ ਗਿਆ ਹੈ। ਉਹ ਮੰਗਲਵਾਰ ਇਥੇ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਤੋਂ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਵਿੱਚ ਮਰਿਆਦਾ ਦੀ ਉਲੰਘਣਾ ਤੇ ਘਾਣ ਹੋਣ ਦਾ ਦੋਸ਼ ਲਾਇਆ ਸੀ। ਚੀਫ ਖਾਲਸਾ ਦੀਵਾਨ ਅਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਮਰਿਆਦਾ ਦੀ ਉਲੰਘਣਾ ਦੇ ਦੋਸ਼ ਲਾਏ ਗਏ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾ ਨੂੰ ਦੇਸ਼-ਵਿਦੇਸ਼ ਦੀ ਸੰਗਤ ਤੋਂ ਵੀ ਫੋਨ ਸੁਨੇਹੇ ਆਏ ਹਨ ਅਤੇ ਸੰਗਤ ਵੱਲੋਂ ਮਰਿਆਦਾ ਦਾ ਘਾਣ ਕੀਤੇ ਜਾਣ ਖਿਲਾਫ ਰੋਸ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਦੀ ਸੇਵਾ-ਸੰਭਾਲ ਰਹੇ ਹਨ ਅਤੇ ਉਹ ਕਿਸੇ ਵੀ ਢੰਗ ਨਾਲ ਇਸ ਅਹੁਦੇ ਦਾ ਅਪਮਾਨ ਨਹੀਂ ਕਰਨਾ ਚਾਹੁੰਦੇ, ਪਰ ਸੰਗਤ ਵੱਲੋਂ ਇਸ ਸੰਬੰਧ ਵਿੱਚ ਮਾਣ-ਮਰਿਆਦਾ ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਲਈ ਉਹ ਸੰਗਤ ਨੂੰ ਇਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਜਾਂ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ-ਸੰਭਾਲ ਦੀ ਵਿਧੀ-ਵਿਧਾਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾ ਕਿਹਾ ਕਿ ਇਸ ਸੰਬੰਧ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਨੂੰ ਪੱਤਰ ਭੇਜ ਕੇ ਸਮਾਗਮ ਕਰਨ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇਸ਼ਤਿਹਾਰਾਂ ਰਾਹੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ। ਸ੍ਰੀ ਅਕਾਲ ਤਖਤ ਵਿਖੇ ਸਮਾਗਮ ਕੀਤਾ ਜਾਂਦਾ ਹੈ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਇਸ ਨਿਯੁਕਤੀ ਦਾ ਐਲਾਨ ਕਰਦੇ ਹਨ। ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਨਵ-ਨਿਯੁਕਤ ਕੀਤੇ ਗਏ ਜਥੇਦਾਰ ਨੂੰ ਦਸਤਾਰ ਭੇਟ ਕੀਤੀ ਜਾਂਦੀ ਹੈ, ਉਪਰੰਤ ਬਾਕੀ ਤਖਤਾਂ ਦੇ ਜਥੇਦਾਰਾਂ ਵੱਲੋਂ ਦਸਤਾਰਾਂ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਉਸ ਤੋਂ ਬਾਅਦ ਬਾਕੀ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਦੇ ਨੁਮਾਇੰਦੇ ਦਸਤਾਰਾਂ ਭੇਟ ਕਰਦੇ ਹਨ ਅਤੇ ਨਵ-ਨਿਯੁਕਤ ਜਥੇਦਾਰ ਨੂੰ ਮਾਨਤਾ ਦਿੰਦੇ ਹਨ। ਇਸੇ ਤਰ੍ਹਾਂ ਹੋਰ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸਮੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਇਸ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਹਨ, ਪਰ ਇਸ ਮਾਮਲੇ ਵਿੱਚ ਵਿਧੀ-ਵਿਧਾਨ ਦੀ ਉਲੰਘਣਾ ਕਰਕੇ ਮਰਿਆਦਾ ਦਾ ਘਾਣ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾਂ ਹੀ ਸੁੱਖ-ਆਸਣ ਵਾਲੇ ਅਸਥਾਨ ’ਤੇ ਜਾ ਕੇ ਅਤੇ ਖਾਲੀ ਪਾਲਕੀ ਨੂੰ ਮੱਥਾ ਟੇਕ ਕੇ ਤਖਤ ਦੇ ਮੈਨੇਜਰ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦਸਤਾਰ ਭੇਟ ਕਰਕੇ ਸੇਵਾ-ਸੰਭਾਲ ਦੇ ਸਮਾਗਮ ਨੂੰ ਮੁਕੰਮਲ ਕਰ ਦਿੱਤਾ। ਉਨ੍ਹਾ ਕਿਹਾ ਕਿ ਜਿਸ ਵੇਲੇ ਇਹ ਸਮਾਗਮ ਕੀਤਾ ਗਿਆ, ਉਸ ਵੇਲੇ ਤਾਂ ਸ਼ਸਤਰ ਵੀ ਸੁਭਾਏਮਾਨ ਨਹੀਂ ਕੀਤੇ ਗਏ ਸਨ। ਉਨ੍ਹਾ ਕਿਹਾ ਕਿ ਮਰਿਆਦਾ ਦੀ ਉਲੰਘਣਾ ਅਤੇ ਹੋਏ ਘਾਣ ਦੇ ਕਾਰਨ ਹੀ ਸਿੱਖ ਸੰਗਤਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ। ਦੂਜੇ ਪਾਸੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ ਦਾਅਵਾ ਕੀਤਾ ਸੀ ਕਿ ਸੇਵਾ-ਸੰਭਾਲ ਸਮਾਗਮ ਵਿੱਚ ਕਿਸੇ ਵੀ ਪੱਖ ਤੋਂ ਮਰਿਆਦਾ ਦੀ ਉਲੰਘਣਾ ਜਾਂ ਘਾਣ ਨਹੀਂ ਹੋਇਆ। ਉਨ੍ਹਾ ਕਿਹਾ ਕਿ ਇਹ ਸਮਾਗਮ ਮੂੰਹ ਹਨੇਰੇ ਦੀ ਥਾਂ ਅੰਮਿ੍ਰਤ ਵੇਲੇ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਥ ਵੀ ਹਾਜ਼ਰ ਸੀ, ਜਿਨ੍ਹਾਂ ਦਸਤਾਰਾਂ ਭੇਟ ਕਰਕੇ ਇਸ ਨਿਯੁਕਤੀ ਦੀ ਪ੍ਰਵਾਨਗੀ ਤੇ ਮਾਨਤਾ ਦਿੱਤੀ।
ਸਮਾਗਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਸਨ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਤੋਂ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਸੇਵਾ ਤੋਂ ਫਾਰਗ ਕਰ ਦਿੱਤਾ ਗਿਆ ਸੀ।