ਚੰਡੀਗੜ੍ਹ (ਕਿ੍ਰਸ਼ਨ ਗਰਗ)
ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਬੁੱਧਵਾਰ ਕਾਂਗਰਸ ਨੂੰ ਵੱਡੀ ਸ਼ਿਕਸਤ ਦਿੰਦਿਆਂ 10 ਵਿੱਚੋਂ 9 ਨਗਰ ਨਿਗਮਾਂ ’ਤੇ ਕਬਜ਼ਾ ਕਰ ਲਿਆ। ਭਾਜਪਾ ਨੂੰ ਮਾਨੇਸਰ ਨਗਰ ਨਿਗਮ ਵਿੱਚ ਹੀ ਝਟਕਾ ਲੱਗਾ, ਪਰ ਉਥੇ ਵੀ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦਾ ਕਰੀਬੀ ਆਜ਼ਾਦ ਇੰਦਰਜੀਤ ਯਾਦਵ ਮੇਅਰ ਚੁਣਿਆ ਗਿਆ ਹੈ।
ਸੂਬੇ ਦੇ 38 ਸ਼ਹਿਰਾਂ ਵਿੱਚ ਪਿਛਲੇ ਦਿਨੀਂ 10 ਨਗਰ ਨਿਗਮਾਂ, 4 ਨਗਰ ਕੌਂਸਲਾਂ ਅਤੇ 21 ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਹੋਈਆਂ ਸਨ। ਭਾਜਪਾ ਨੇ ਗੁਰੂਗ੍ਰਾਮ, ਰੋਹਤਕ, ਹਿਸਾਰ, ਕਰਨਾਲ, ਅੰਬਾਲਾ, ਸੋਨੀਪਤ, ਫਰੀਦਾਬਾਦ, ਯਮੁਨਾਨਗਰ ਤੇ ਪਾਣੀਪਤ ਵਿੱਚ ਜਿੱਤ ਹਾਸਲ ਕੀਤੀ ਹੈ। ਕਰਨਾਲ ਵਿੱਚ ਭਾਜਪਾ ਦੀ ਰੇਨੂੰ ਬਾਲਾ ਨੇ ਕਾਂਗਰਸੀ ਮਨੋਜ ਵਧਵਾ ਨੂੰ 25 ਹਜ਼ਾਰ ਤੋ ਵੱਧ ਵੋਟਾਂ ਨਾਲ ਹਰਾਇਆ। ਰੇਨੂੰ ਬਾਲਾ ਨੂੰ 83630 ਵੋਟਾਂ ਪਈਆਂ, ਜਦੋਂ ਕਿ ਮਨੋਜ ਵਧਵਾ ਨੂੂੰ 58271 ਵੋਟਾਂ ਮਿਲੀਆਂ। ਅੰਬਾਲਾ ਵਿੱਚ ਮੇਅਰ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਸ਼ੈਲਜਾ ਸਚਦੇਵਾ ਨੇ ਕਾਂਗਰਸੀ ਉਮੀਦਵਾਰ ਅਮੀਸ਼ਾ ਚਾਵਲਾ ਨੂੰ 20487 ਵੋਟਾਂ ਨਾਲ ਹਰਾਇਆ। ਸ਼ੈਲਜਾ ਸਚਦੇਵਾ ਨੂੰ 40620 ਵੋਟਾਂ ਪਈਆਂ ਅਤੇ ਅਮੀਸ਼ਾ ਚਾਵਲਾ ਨੂੰ 20133 ਵੋਟਾਂ ਪਈਆਂ। ਸੋਨੀਪਤ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਰਾਜੀਵ ਜੈਨ ਨੇ 34749 ਵੋਟਾਂ ਦੇ ਫਰਕ ਨਾਲ ਕਾਂਗਰਸ ਉਮੀਦਵਾਰ ਕਮਲ ਦੀਵਾਨ ਨੂੰ ਹਰਾ ਦਿੱਤਾ। ਰਾਜੀਵ ਜੈਨ ਨੂੰ 57858 ਅਤੇ ਕਮਲ ਦੀਵਾਨ ਨੂੰ 23109 ਵੋਟਾਂ ਪਈਆਂ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਵੱਡੇ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਸ਼ਹਿਰ ਰੋਹਤਕ ਵਿੱਚ ਭਾਜਪਾ ਉਮੀਦਵਾਰ ਰਾਮ ਅਵਤਾਰ ਵਾਲਮੀਕੀ ਨੇ ਕਾਂਗਰਸੀ ਉਮੀਦਵਾਰ ਸੂਰਜਮਲ ਕਿਲੋਈ ਨੂੰ 45198 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਵਾਲਮੀਕੀ ਨੂੰ 102269 ਵੋਟਾਂ ਪਈਆਂ, ਜਦੋਂ ਕਿ ਕਿਲੋਈ ਨੂੰ 57071 ਵੋਟਾਂ ਪਈਆਂ। ਯਮੁਨਾਨਗਰ ਵਿੱਚ ਭਾਜਪਾ ਦੀ ਸੁਮਨ ਬਾਹਮਣੀ ਨੇ ਕਾਂਗਰਸ ਦੀ ਕਿਰਨਾ ਦੇਵੀ ਨੂੰ ਹਰਾਇਆ। ਕਰਨਾਲ ਵਿੱਚ ਭਾਜਪਾ ਦੀ ਰੇਣੂ ਬਾਲਾ ਗੁਪਤਾ ਨੇ ਕਾਂਗਰਸ ਦੇ ਮਨੋਜ ਵਧਵਾ ਨੂੰ 25359 ਵੋਟਾਂ ਨਾਲ ਹਰਾਇਆ। ਮਾਨੇਸਰ ਵਿੱਚ ਆਜ਼ਾਦ ਉਮੀਦਵਾਰ ਡਾ. ਇੰਦਰਜੀਤ ਯਾਦਵ ਨੇ ਭਾਜਪਾ ਉਮੀਦਵਾਰ ਸੁੰਦਰ ਲਾਲ ਤੋਂ 2293 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਡਾ. ਇੰਦਰਜੀਤ ਯਾਦਵ ਨੂੰ 26393 ਵੋਟਾਂ ਪਈਆਂ, ਜਦੋਂ ਕਿ ਸੁੰਦਰ ਲਾਲ ਨੂੰ 24100 ਵੋਟਾਂ ਪਈਆਂ। ਫਰੀਦਾਬਾਦ ਤੋਂ ਭਾਜਪਾ ਦੀ ਪ੍ਰਵੀਨ ਜੋਸ਼ੀ ਮੇਅਰ ਚੁਣੀ ਗਈ ਹੈ। ਹਿਸਾਰ ਵਿੱਚ ਭਾਜਪਾ ਦੇ ਪ੍ਰਵੀਨ ਪੋਪਲੀ ਨੇ ਕਾਂਗਰਸ ਦੇ �ਿਸ਼ਨ ਸਿੰਗਲਾ ਅਤੇ ਪਾਣੀਪਤ ’ਚ ਭਾਜਪਾ ਦੀ ਕੋਮਲ ਸੈਣੀ ਨੇ ਕਾਂਗਰਸ ਦੀ ਸਵਿਤਾ ਗਰਗ ਨੂੰ ਹਰਾਇਆ।
ਸਿਰਸਾ ਨਗਰ ਕੌਂਸਲ ਦੀਆਂ ਚੋਣਾਂ ’ਚ ਭਾਜਪਾ ਤੇ ਹਲੋਪਾ ਹਮਾਇਤੀ ਉਮੀਦਵਾਰਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਨਗਰ ਕੌਂਸਲ ਸਿਰਸਾ ਦੇ ਚੇਅਰਮੈਨ ਦੇ ਅਹੁਦੇ ਲਈ ਜਿਥੇ ਭਾਜਪਾ ਤੇ ਹਲੋਪਾ ਉਮੀਦਵਾਰ ਸ਼ਾਂਤੀ ਸਰੂਪ ਨੇ ਜਿੱਤ ਪ੍ਰਾਪਤ ਕੀਤੀ ਹੈ, ਉਥੇ ਹੀ ਸ਼ਹਿਰ ਦੇ 32 ਵਾਰਡਾਂ ’ਚੋਂ 21 ’ਚ ਭਾਜਪਾ ਤੇ ਹਲੋਪਾ ਹਮਾਇਤੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਜਦੋਂਕਿ 9 ਵਾਰਡਾਂ ’ਚ ਕਾਂਗਰਸ ਹਮਾਇਤੀ ਤੇ ਇਕ ਵਾਰਡ ’ਚ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਚੇਅਰਮੈਨ ਦੇ ਅਹੁਦੇ ਲਈ ਸ਼ਾਂਤੀ ਸਰੂਪ 12379 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸ਼ਾਂਤੀ ਸਰੂਪ ਨੂੰ 41016 ਵੋਟਾਂ ਪ੍ਰਾਪਤ ਹੋਈਆਂ, ਜਦੋਂਕਿ ਕਾਂਗਰਸ ਹਮਾਇਤੀ ਉਮੀਦਵਾਰ ਜਸਵਿੰਦਰ ਕੌਰ ਨੂੰ 28682 ਵੋਟ ਪ੍ਰਾਪਤ ਹੋਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ’ਤੇ ਮੋਹਰ ਲਾਈ ਹੈ।




