ਧਨਖੜ ਨੂੰ ਹਸਪਤਾਲੋਂ ਛੁੱਟੀ

0
32

ਨਵੀਂ ਦਿੱਲੀ : ਸਿਹਤ ਵਿੱਚ ਤਸੱਲੀਬਖ਼ਸ਼ ਸੁਧਾਰ ਹੋਣ ’ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ’ਚੋਂ ਬੁੱਧਵਾਰ ਛੁੱਟੀ ਮਿਲ ਗਈ। ਉਹ ਦਿਲ ਨਾਲ ਜੁੜੇ ਮਰਜ਼ ਕਰਕੇ 9 ਮਾਰਚ ਨੂੰ ਦਾਖਲ ਹੋਏ ਸਨ। ਡਾਕਟਰਾਂ ਨੇ ਉਨ੍ਹਾ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਜਵਾਨ ਗੋਲੀ ਨਾਲ ਜ਼ਖਮੀ
ਜੰਮੂ : ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਡਿਊਟੀ ਉੱਤੇ ਤਾਇਨਾਤ ਫੌਜੀ ਜਵਾਨ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਉਹ ਨੌਸ਼ਹਿਰਾ ਸੈਕਟਰ ਵਿੱਚ ਕਲਸੀਆਂ ਇਲਾਕੇ ’ਚ ਮੂਹਰਲੀ ਚੌਕੀ ’ਤੇ ਤਾਇਨਾਤ ਸੀ, ਜਦੋਂ ਸਰਹੱਦ ਪਾਰੋਂ ਇਕ ਗੋਲੀ ਉਸ ਨੂੰ ਆ ਕੇ ਲੱਗੀ। ਉਸ ਨੂੰ ਊਧਮਪੁਰ ਦੇ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ
ਮੋਗਾ, (ਇਕਬਾਲ ਸਿੰਘ ਖਹਿਰਾ)-ਸੀ ਆਈ ਏ ਸਟਾਫ ਮੋਗਾ ਅਤੇ ਏ ਜੀ ਟੀ ਅੱੈਫ ਨੇ ਇਥੇ ਟਾਂਗਿਆਂ ਵਾਲੇ ਗਲੀ ਦੇ ਇੱਕ ਘਰ ਦੀ ਘੇਰਾਬੰਦੀ ਕੀਤੀ ਤਾਂ ਗੈਂਗਸਟਰ ਨੇ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਵਿੱਚ ਗੈਂਗਸਟਰ ਦੀ ਲੱਤ ’ਤੇ ਗੋਲੀ ਲੱਗਣ ਕਾਰਨ ਪੁਲਸ ਵੱਲੋਂ ਤੁਰੰਤ ਕਾਬੂ ਕਰ ਲਿਆ ਗਿਆ।
ਐੱਸ ਐੱਸ ਪੀ ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਮਲਕੀਤ ਸਿੰਘ ਮੰਨੂ ਨਾਂਅ ਦਾ ਬੰਬੀਹਾ ਗਰੋਹ ਦਾ ਗੈਂਗਸਟਰ ਕਿਰਾਏ ’ਤੇ ਰਹਿ ਰਿਹਾ ਸੀ। ਪੁਲਸ ਨੂੰ ਇਸ ਦੀ ਸੂਚਨਾ ਮਿਲਣ ’ਤੇ ਘਰ ਦੀ ਘੇਰਾਬੰਦੀ ਕੀਤੀ ਗਈ। ਪੁਲਸ ਨੂੰ ਆਲੇ-ਦੁਆਲੇ ਦੇਖ ਕੇ ਉਸ ਵੱਲੋਂ ਪੁਲਸ ’ਤੇ ਫਾਇਰ ਕੀਤਾ ਗਿਆ, ਜਿਸ ’ਤੇ ਪੁਲਸ ਵੱਲੋਂ ਵੀ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ’ਚੋਂ ਇੱਕ ਗੋਲੀ ਉਸ ਦੀ ਖੱਬੀ ਲੱਤ ’ਤੇ ਲੱਗੀ ਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉਸ ਪਾਸੋਂ ਇੱਕ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ।