ਪਟਿਆਲਾ : ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਉਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ, ਰਾਮ ਸਰੂਪ ਅਗਰਵਾਲ ’ਤੇ ਆਧਾਰਤ ਪ੍ਰਧਾਨਗੀ ਮੰਡਲ ਹੇਠ ਹੋਈ। ਸੰਤੋਖ ਸਿੰਘ ਕਾਰਪੇਂਟਰ, ਰੂਪ ਸਿੰਘ ਬਠਿੰਡਾ, ਸਾਧੂ ਸਿੰਘ ਲੁਧਿਆਣਾ, ਸੰਤ ਸਿੰਘ ਇੰਸਪੈਕਟਰ ਦੇ ਪਿਤਾ, ਅਬਦੁਲ ਸਤਾਰ ਦੀ ਧਰਮ ਪਤਨੀ ਅਤੇ ਮੋਹਨ ਸਿੰਘ ਦੀ ਪਤਨੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪੀ ਆਰ ਟੀ ਸੀ ਦੇ ਸਫਰ ਸਹੂਲਤਾਂ ਦੇ 600 ਕਰੋੜ ਰੁਪਏ ਨਹੀਂ ਦੇ ਰਹੀ ਅਤੇ ਨਾ ਹੀ ਪੀ ਆਰ ਟੀ ਸੀ ਮਾਲਕੀ ਦੀਆਂ ਬੱਸਾਂ ਪਾਉਣ ਦੀ ਮਨਜ਼ੂਰੀ ਦੇ ਰਹੀ ਹੈ। ਧਾਲੀਵਾਲ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਤਿੰਨ ਸਾਲਾਂ ਅੰਦਰ ਸਰਕਾਰੀ ਟਰਾਂਸਪੋਰਟ ਅਦਾਰਿਆਂ ਵਿੱਚ ਕੋਈ ਨਵੀਂ ਬੱਸ ਨਹੀਂ ਪਾਈ, ਜਿਸ ਦਾ ਫਾਇਦਾ ਪ੍ਰਾਈਵੇਟ ਬੱਸਾਂ ਦੇ ਮਾਲਕ ਉਠਾ ਰਹੇ ਹਨ। ਦੋਵਾਂ ਅਦਾਰਿਆਂ ਦੇ ਲੱਖਾਂ ਕਿਲੋਮੀਟਰ ਮਿਸ ਹੋ ਰਹੇ ਹਨ। ਪੀ ਆਰ ਟੀ ਸੀ ਦੀ ਮੈਨੇਜਮੈਂਟ ਨੂੰ ਕਿਹਾ ਕਿ ਵਰਕਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜਿਵੇਂ ਕੱਚੇ ਕਾਮਿਆਂ ਨੂੰ ਪੱਕੇ ਕਰਨਾ, ਛੋਟੇ-ਛੋਟੇ ਕੇਸਾਂ ਵਿੱਚ ਕੱਚੇ ਵਰਕਰਾਂ ਨੂੰ ਦੁਬਾਰਾ ਨੌਕਰੀ ’ਤੇ ਰੱਖਣਾ, ਸੇਵਾ-ਮੁਕਤੀ ਬਕਾਏ ਦੇਣਾ, ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ ਬਜ਼ੁਰਗ ਮੁਲਾਜ਼ਮ, ਜਿਨ੍ਹਾਂ ਦੀ ਗਿਣਤੀ 400 ਦੇ ਕਰੀਬ ਹੈ, ਉਹਨਾਂ ਨੂੰ ਪੈਨਸ਼ਨ ਦੇਣਾ ਆਦਿ ਸਾਰੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ। ਸ੍ਰੀ ਧਾਲੀਵਾਲ ਨੇ ਪੰਜਾਬ ਤੇ ਭਾਰਤਸਰਕਾਰ ਦੇ ਸਰਕਾਰੀ ਟਰਾਂਸਪੋਰਟ ਲਈ ਅਪਣਾਈ ਨੀਤੀ ਬਾਰੇ ਪੂਰੇ ਵਿਸਥਾਰ ਨਾਲ ਚਾਨਣਾ ਪਾਇਆ।
ਮੀਟਿੰਗ ਨੂੰ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ, ਜਗਤਾਰ ਸਿੰਘ, ਰਮੇਸ਼ ਕੁਮਾਰ, ਭਜਨ ਸਿੰਘ, ਪਿਆਰਾ ਦੀਨ, ਅਮਰਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਸੇਵਾ-ਮੁਕਤ ਕਰਮਚਾਰੀਆਂ ਤੇ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਹੀ ਸਰਕਾਰਾਂ ਤੋਂ ਕੁਝ ਪ੍ਰਾਪਤ ਕਰ ਸਕਦੇ ਹਾਂ, ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ। ਮੀਟਿੰਗ ਵਿੱਚ ਅਲੀ ਮੁਹੰਮਦ ਸੰਗਰੂਰ, ਹਰਮੀਤ ਸਿੰਘ ਫਰੀਦਕੋਟ, ਗੁਰਚਰਨ ਸਿੰਘ ਬਠਿੰਡਾ, ਕੁਲਜੀਤ ਸਿੰਘ ਬਰਨਾਲਾ, ਜਰਨੈਲ ਸਿੰਘ ਬੁਢਲਾਡਾ, ਜੈ ਪ੍ਰਕਾਸ਼ ਲੁਧਿਆਣਾ ਸਮੇਤ ਬਹੁਤ ਸਾਰੇ ਆਗੂ ਸ਼ਾਮਲ ਸਨ। ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਸੁੱਖੀ ਨੇ ਬਾਖੂਬੀ ਨਿਭਾਈ।