ਕੋਟਕਪੂਰਾ ’ਚ ਪੰਜ ਘਰ ਢਾਹੇ

0
38

ਕੋਟਕਪੂਰਾ : ਪੁਲਸ ਨੇ ਸਨਿੱਚਰਵਾਰ ਇੱਥੇ ਨਸ਼ਾ ਵੇਚਣ ਲਈ ਬਦਨਾਮ ਇਲਾਕੇ ਵਿੱਚ ਸੂਬੇ ਦਾ ਸਭ ਤੋਂ ਵੱਡਾ ਬੁਲਡੋਜ਼ਰ ਐਕਸ਼ਨ ਕਰਦਿਆਂ ਇੱਕੋ ਵੇਲੇ 5 ਘਰ ਢਾਹ ਦਿੱਤੇ। ਇਨ੍ਹਾਂ ਵਿੱਚੋਂ 3 ਘਰ ਕਥਿਤ ਮਹਿਲਾ ਨਸ਼ਾ ਤਸਕਰਾਂ ਦੇ ਸਨ, ਜਿਨ੍ਹਾਂ ਉਪਰ ਕਈ ਕੇਸ ਦਰਜ ਸਨ।
ਦੁਪਹਿਰ 12 ਵਜੇ ਦੇ ਕਰੀਬ ਪੁਲਸ ਨੇ ਜਲਾਲੇਆਨਾ ਰੋਡ ’ਤੇ ਸਥਿਤ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ।
ਇਸ ਦੀ ਅਗਵਾਈ ਫਰੀਦਕੋਟ ਦੀ ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਾਂਝੇ ਰੂਪ ਵਿੱਚ ਕੀਤੀ। ਐੱਸ ਐੱਸ ਪੀ ਨੇ ਦੱਸਿਆ ਕਿ ਨਗਰ ਕੌਂਸਲ ਨੇ ਲਿਖਤੀ ਰੂਪ ਵਿੱਚ ਰਿਪੋਰਟ ਦਿੱਤੀ ਸੀ ਕਿ ਇੱਥੇ 5 ਦੇ ਕਰੀਬ ਘਰ ਕੌਂਸਲ ਦੀ ਥਾਂ ’ਤੇ ਨਜਾਇਜ਼ ਕਬਜ਼ਾ ਕਰ ਕੇ ਬਣਾਏ ਹੋਏ ਹਨ, ਜਿਨ੍ਹਾਂ ਨੂੰ ਹਟਾਇਆ ਜਾਵੇ।
ਉਨ੍ਹਾ ਸਪੱਸ਼ਟ ਕਿਹਾ ਕਿ ਇਹ ਕਾਵਰਾਈ ਇੱਥੇ ਨਹੀਂ ਰੁਕੇਗੀ, ਬਲਕਿ ਹੋਰ ਅੱਗੇ ਫਰੀਦਕੋਟ, ਜੈਤੋ ਅਤੇ ਲਾਗਲੇ ਪਿੰਡਾਂ ਵਿੱਚ ਵੀ ਚੱਲੇਗੀ। ਘਰ ਢਾਹੁਣ ਵੇਲੇ ਲੋਕਾਂ ਨੇ ਪੰਜਾਬ ਪੁਲਸ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਸਮੇਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰਜੋਤ ਸਿੰਘ ਨੇ ਕਿਹਾ ਕਿ ਇੱਥੇ ਤਾਂ ਸ਼ਾਮ ਨੂੰ 7 ਵਜੇ ਤੋਂ ਬਾਅਦ ਕੋਈ ਵਿਅਕਤੀ ਲੰਘ ਵੀ ਨਹੀਂ ਸਕਦਾ ਸੀ, ਹਰ ਰੋਜ਼ ਕੋਈ ਨਾ ਕੋਈ ਲੁੱਟ ਦੀ ਵਾਰਦਾਤ ਹੁੰਦੀ ਸੀ।