ਸ਼ਿਵ ਸੈਨਾ ਆਗੂ ਦੇ ਕਤਲ ਕੇਸ ’ਚ ਤਿੰਨ ਗਿ੍ਰਫਤਾਰ

0
58

ਸ੍ਰੀ ਮੁਕਤਸਰ ਸਾਹਿਬ/ਮਲੋਟ/ਮੋਗਾ (ਸ਼ਮਿੰਦਰ ਪਾਲ, ਪੂਜਾ/ਗੁਰਮੀਤ ਸਿੰਘ ਮੱਕੜ/ਇਕਬਾਲ ਸਿੰਘ ਖਹਿਰਾ)
ਮੋਗਾ ’ਚ ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਮੰਗਾ ਦੇ 13 ਮਾਰਚ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੇ ਕਤਲ ਦੇ ਸੰਬੰਧ ’ਚ ਮਲੋਟ ਅਤੇ ਮੋਗਾ ਸੀ ਆਈ ਏ ਸਟਾਫ ਨੇ ਸਾਂਝਾ ਅਪ੍ਰੇਸ਼ਨ ਕਰਦਿਆਂ ਤਿੰਨੇ ਮੁਲਜ਼ਮ ਕਾਬੂ ਕਰ ਲਏ। ਐੱਸ ਐੱਸ ਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਮੰਗਾ ਪ੍ਰਧਾਨ ਦਾ ਸ਼ਰਮਾ ਡੇਅਰੀ, ਗਿੱਲ ਪੈਲੇਸ, ਮੋਗਾ ਸ਼ਹਿਰ ਨੇੜੇ ਕਤਲ ਕੀਤਾ ਗਿਆ ਸੀ। ਇਸ ਸੰਬੰਧੀ 3 ਅਣਪਛਾਤਿਆਂ ਸਣੇ 6 ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੂੰ ਸੂਚਨਾ ਮਿਲੀ ਕਿ 3 ਮੁਲਜ਼ਮ ਮਲੋਟ ਬੱਸ ਸਟੈਂਡ ਨੇੜੇ ਲੁਕੇ ਹੋਏ ਹਨ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਪੁਲਸ ਉਪਰ ਗੋਲੀ ਚਲਾਈ। ਜਵਾਬੀ ਗੋਲੀਬਾਰੀ ਵਿੱਚ ਦੋ ਮੁਲਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਮੋਗਾ ਦੇ ਅੰਗਦਪੁਰਾ ਮੁਹੱਲੇ ਦੇ ਅਰੁਣ ਉਰਫ ਦੀਪੂ, ਅਰੁਣ ਉਰਫ ਸਿੰਘਾ ਅਤੇ ਵੇਦਾਂਤ ਨਗਰ ਦੇ ਰਾਜਵੀਰ ਉਰਫ ਲਾਡੋ ਵਜੋਂ ਹੋਈ ਹੈ।
ਦੀਪੂ ਦੇ ਖੱਬੇ ਪੈਰ ਵਿੱਚ ਗੋਲੀ ਵੱਜੀ। ਉਸ ਵਿਰੁੱਧ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਸਿੰਘਾ ਦੇ ਸੱਜੇ ਪੈਰ ਵਿੱਚ ਗੋਲੀ ਵੱਜੀ ਅਤੇ ਉਸ ’ਤੇ ਵੀ ਪਹਿਲਾਂ ਦੋ ਮੁਕੱਦਮੇ ਦਰਜ ਹਨ। ਰਾਜਵੀਰ ਦੇ ਭੱਜਣ ਦੀ ਕੋਸ਼ਿਸ਼ ਕਰਦਿਆਂ ਸੱਟਾਂ ਵੱਜੀਆਂ। ਰਾਜਵੀਰ ’ਤੇ ਵੀ ਇਕ ਮੁਕੱਦਮਾ ਦਰਜ ਹੈ। ਮੁਲਜ਼ਮਾਂ ਕੋਲੋਂ 32 ਅਤੇ 30 ਬੋਰ ਦੇ ਦੋ ਪਿਸਤੌਲ ਬਰਾਮਦ ਹੋਏ ਹਨ। ਮੁਲਜ਼ਮਾਂ ਨੇ ਪਹਿਲਾਂ ਮੋਗਾ ਵਿੱਚ ਸੈਲੂਨ ਮਾਲਕ ਦਵਿੰਦਰ ਕੁਮਾਰ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਸੀ। ਰਾਤ 9 ਵਜੇ ਡੇਅਰੀ ’ਤੇ ਦੁੱਧ ਲੈਣ ਆਏ ਮੰਗਾ ’ਤੇ ਚਲਾਈ ਗੋਲੀ 12 ਸਾਲ ਦੇ ਬੱਚੇ ਦੀ ਲੱਤ ਵਿੱਚ ਲੱਗੀ ਅਤੇ ਮੰਗਾ ਮੋਟਰਸਾਈਕਲ ’ਤੇ ਭੱਜ ਗਿਆ। ਮੁਲਜ਼ਮਾਂ ਨੇ ਪਿੱਛਾ ਕਰਕੇ ਉਸ ’ਤੇ ਫਿਰ ਗੋਲੀਆਂ ਚਲਾਈਆਂ। ਉਸ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਡੈੱਡ ਐਲਾਨ ਦਿੱਤਾ। ਕਤਲ ਤੋਂ ਬਾਅਦ ਲੋਕਾਂ ਨੇ ਥਾਪਰ ਚੌਕ ਵਿੱਚ ਧਰਨਾ ਦੇ ਦਿੱਤਾ। ਇਸੇ ਦੌਰਾਨ ਮੁਲਜ਼ਮਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਕਤਲ ਦੀ ਜ਼ਿੰਮੇਵਾਰੀ ਲੈ ਲਈ। ਲੋਕਾਂ ਨੇ ਮੰਗਾ ਦੀ ਬੇਟੀ ਨੂੰ ਸਰਕਾਰੀ ਨੌਕਰੀ ਦੇਣ ਤੇ ਇੱਕ ਕਰੋੜ ਦੀ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ। ਡੀ ਐੱਸ ਪੀ ਮਲੋਟ ਇਕਬਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ’ਤੇ ਪੁਲਸ ’ਤੇ ਗੋਲੀ ਚਲਾਉਣ ਦਾ ਨਵਾਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।