ਅੰਮਿ੍ਰਤਸਰ, ਲੁਧਿਆਣਾ ਤੇ ਜਲੰਧਰ ਦੀਆਂ ਸੜਕਾਂ ਵਿਸ਼ਵ ਪੱਧਰੀ ਬਣਨਗੀਆਂ

0
71

ਚੰਡੀਗੜ੍ਹ (ਗੁਰਜੀਤ ਬਿੱਲਾ/ਕਿ੍ਰਸ਼ਨ ਗਰਗ)
ਪੰਜਾਬ ਦੇ ਸ਼ਹਿਰੀ ਵਿਕਾਸ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਰਾਜ ਦੇ ਸ਼ਹਿਰਾਂ ਵਿੱਚ ਵਿਸ਼ਵ ਪੱਧਰੀ ਸੜਕਾਂ-ਗਲੀਆਂ ਵਿਕਸਤ ਕਰਨ ਲਈ ਇੱਕ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਪਹਿਲਕਦਮੀ ਪੰਜਾਬ ਲਈ ਪਹਿਲੀ ਇਤਿਹਾਸਕ ਪਹਿਲ ਹੈ, ਜਿਸ ਦੇ ਸ਼ੁਰੂਆਤੀ ਪੜਾਅ ਵਿੱਚ ਤਿੰਨ ਵੱਡੇ ਸ਼ਹਿਰਾਂ ਅੰਮਿ੍ਰਤਸਰ, ਲੁਧਿਆਣਾ ਅਤੇ ਜਲੰਧਰ ਦੀ ਚੋਣ ਕੀਤੀ ਗਈ ਹੈ। ਇਹ ਸ਼ਹਿਰ ਜਲਦੀ ਹੀ 140 ਕਰੋੜ ਰੁਪਏ ਤੋਂ ਵੱਧ ਦੇ ਇਸ ਪ੍ਰੋਜੈਕਟ ਤਹਿਤ ਆਪਣੀਆਂ 42 ਕਿਲੋਮੀਟਰ ਲੰਮੀਆਂ ਪ੍ਰਮੁੱਖ ਸੜਕਾਂ-ਗਲੀਆਂ ਨੂੰ ਡਿਜ਼ਾਈਨ ਕੀਤੇ ਗਏ ਸ਼ਹਿਰੀ ਸਥਾਨਾਂ ਵਿੱਚ ਬਦਲਣ ਦੀ ਗਵਾਹੀ ਭਰਨਗੇ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਇਸ ਪ੍ਰਾਜੈਕਟ ਦੇ ਨਤੀਜਿਆਂ ਅਤੇ ਲੋਕਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ’ਤੇ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਚਾਰ ਮੁੱਖ ਗਤੀਵਿਧੀਆਂ ਦੀ ਰੂਪਰੇਖਾ ਉਲੀਕੀ ਗਈ ਹੈ, ਜੋ ਸ਼ਹਿਰ ਦੀਆਂ ਸੜਕਾਂ ਦੀ ਦਿੱਖ ਨੂੰ ਮੁੜ ਪਰਿਭਾਸ਼ਿਤ ਕਰਨਗੀਆਂ। ਉਨ੍ਹਾ ਕਿਹਾ ਕਿ ਟਰੈਫਿਕ ਦੀਆਂ ਰੁਕਾਵਟਾਂ ਨੂੰ ਦੂਰ ਕਰਨ, ਸੜਕ ਦੀ ਇਕਸਾਰ ਚੌੜਾਈ ਨੂੰ ਯਕੀਨੀ ਬਣਾਉਣ ਅਤੇ ਵਾਰ-ਵਾਰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਡਰੇਨੇਜ ਸਿਸਟਮ ਨੂੰ ਦਰੁਸਤ ਕਰਦਿਆਂ ਸੜਕਾਂ ਨੂੰ ਵਿਆਪਕ ਰੂਪ ਨਾਲ ਡਿਜ਼ਾਇਨ ਕੀਤਾ ਜਾਵੇਗਾ। ਧੂੜ ਪ੍ਰਦੂਸ਼ਣ ਨੂੰ ਰੋਕਣ ਲਈ ਲੈਂਡਸਕੇਪਿੰਗ ਰਾਹੀਂ ਆਕਰਸ਼ਕ ਫੁੱਟਪਾਥਾਂ ਦਾ ਨਿਰਮਾਣ ਵੀ ਸ਼ਾਮਲ ਹੈ। ਉਨ੍ਹਾ ਕਿਹਾ ਕਿ ਸਟਰੀਟ ਲਾਈਟਾਂ, ਬੱਸ ਸਟੈਂਡਾਂ ਅਤੇ ਵਾਟਰ ਸਪਲਾਈ ਲਾਈਨਾਂ ਵਰਗੀਆਂ ਸੇਵਾਵਾਂ ਨੂੰ ਆਵਾਜਾਈ ਅਤੇ ਕਾਰਜਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਦੁਬਾਰਾ ਬਣਾਇਆ ਜਾਵੇਗਾ।
ਅੰਮਿ੍ਰਤਸਰ ਵਿੱਚ ਮਜੀਠਾ ਰੋਡ (ਫੋਰ ਐੱਸ ਚੌਕ ਤੋਂ ਗੁਰੂ ਨਾਨਕ ਹਸਪਤਾਲ ਤੱਕ)-3 ਕਿ.ਮੀ, ਕੋਰਟ ਰੋਡ (ਰਿਆਲਟੋ ਚੌਕ ਤੋਂ ਕੁਈਨਜ਼ ਰੋਡ) 1 ਕਿਲੋਮੀਟਰ, ਹਾਲ ਗੇਟ ਦੇ ਬਾਹਰ ਸ਼ੁਭਮ ਰੋਡ (ਸਰਕੂਲਰ ਰੋਡ ਜੋ ਸਾਰੇ ਗੇਟਾਂ ਨੂੰ ਜੋੜਦੀ ਹੈ) 7 ਕਿ.ਮੀ, ਅੰਮਿ੍ਰਤਸਰ ਛਾਉਣੀ ਰੋਡ (ਕੈਂਟ ਚੌਕ ਤੋਂ ਕਚਹਿਰੀ ਚੌਕ ਤੋਂ ਰਤਨ ਸਿੰਘ ਚੌਕ ਤੱਕ) 1.5 ਕਿ.ਮੀ., ਰੇਸ ਕੋਰਸ ਰੋਡ (ਦਸੌਂਦਾ ਸਿੰਘ ਰੋਡ ਤੋਂ ਲਾਰੈਂਸ ਰੋਡ ਤੋਂ ਕੂਪਰ ਰੋਡ-3 ਕਿਲੋਮੀਟਰ, ਗੋਲ ਬਾਗ ਰੋਡ (ਹਾਥੀ ਗੇਟ ਚੌਕ ਤੋਂ ਭਗਵਾਨ ਪਰਸ਼ੂਰਾਮ ਚੌਕ ਤੋਂ ਕੁਸ਼ਤੀ ਸਟੇਡੀਅਮ ਤੋਂ ਹਾਲ ਗੇਟ ਤੱਕ) 1.5 ਕਿ.ਮੀ., ਅਤੇ ਜੀ.ਟੀ. ਰੋਡ (ਭੰਡਾਰੀ ਤੋਂ ਹਾਲ ਗੇਟ ਤੱਕ)- 0.5 ਕਿ.ਮੀ ਸਮੇਤ ਕੁੱਲ 17.5 ਕਿਲੋਮੀਟਰ ਲੰਮੀਆਂ 7 ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਲੁਧਿਆਣਾ ਦਾ ਪ੍ਰੋਜੈਕਟ 12.4 ਕਿਲੋਮੀਟਰ ਦਾ ਹੋਵੇਗਾ, ਜਿਸ ਵਿੱਚ ਪੁਰਾਣੀ ਜੀ ਟੀ ਰੋਡ (ਸ਼ੇਰਪੁਰ ਚੌਕ ਤੋਂ ਜਗਰਾਓਂ ਪੁਲ) 6.5 ਕਿਲੋਮੀਟਰ, ਚੌੜਾ ਬਾਜ਼ਾਰ ਕਲਾਕ ਟਾਵਰ ਤੋਂ ਸ਼ੁਰੂ ਹੋ ਕੇ 1.7 ਕਿਲੋਮੀਟਰ ਅਤੇ ਘੁਮਾਰ ਮੰਡੀ ਰੋਡ (ਫੁਹਾਰਾ ਚੌਕ ਤੋਂ ਆਰਤੀ ਸਿਨੇਮਾ ਤੱਕ 4 ਕਿਲੋਮੀਟਰ) ਵਰਗੀਆਂ ਸੜਕਾਂ ਸ਼ਾਮਲ ਹਨ।ਜਲੰਧਰ ਦੀਆਂ 12.3 ਕਿਲੋਮੀਟਰ ਲੰਮੀਆਂ ਸੜਕਾਂ, ਜਿਨ੍ਹਾਂ ਵਿੱਚ ਐੱਚ ਐੱਮ ਵੀ ਰੋਡ (ਮਕਸੂਦਾਂ ਚੌਕ ਤੋਂ ਜੇਲ੍ਹ ’ਚ ਚੌਕ) 3.4 ਕਿਲੋਮੀਟਰ, ਆਦਰਸ਼ ਨਗਰ ਰੋਡ ਅਤੇ ਟਾਂਡਾ ਰੋਡ (ਜੇਲ੍ਹ ਚੌਂਕ ਤੋਂ ਪਠਾਨਕੋਟ ਰੋਡ ਵਾਇਆ ਪੁਰਾਣਾ ਸ਼ਹਿਰ) 1.4 ਕਿਲੋਮੀਟਰ, ਪਠਾਨਕੋਟ ਰੋਡ (ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਪਠਾਨਕੋਟ ਚੌਕ)-2.3 ਕਿਲੋਮੀਟਰ, ਮਾਡਲ ਟਾਊਨ ਮੇਨ ਰੋਡ (ਗੁਰੂ ਅਮਰਦਾਸ ਚੌਕ ਤੋਂ ਮਾਡਲ ਟਾਊਨ ਟੀ-ਜੰਕਸ਼ਨ ਚੌਕ ਅਤੇ ਚੁਨਮੁਨ ਚੌਕ ਤੋਂ ਮਾਡਲ ਟਾਊਨ ਟੀ-ਜੰਕਸ਼ਨ ਚੌਕ, ਮਾਡਲ ਟਾਊਨ ਟੀ-ਜੰਕਸ਼ਨ ਤੋਂ ਸ਼ਿਵਾਨੀ ਪਾਰਕ ਐਗਜ਼ਿਟ) 2 ਕਿਲੋਮੀਟਰ ਅਤੇ ਨਕੋਦਰ-ਜਲੰਧਰ ਰੋਡ (ਵਡਾਲਾ ਚੌਕ ਤੋਂ ਨਕੋਦਰ ਚੌਕ) 3.2 ਕਿਲੋਮੀਟਰ ਸ਼ਾਮਿਲ ਹਨ, ਦਾ ਕਾਇਆ-ਕਲਪ ਕੀਤਾ ਜਾਵੇਗਾ।