ਅੰਮਿ੍ਰਤਸਰ : ਇੱਥੇ ਖੰਡ ਵਾਲਾ ਇਲਾਕੇ ਵਿੱਚ ਮੰਦਰ ਦੇ ਕੋਲ ਹੋਏ ਧਮਾਕੇ ਕਾਰਨ ਇਲਾਕੇ ਵਿੱਚ ਡਰ ਅਤੇ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵਿੱਚ ਦਿਖਾਈ ਦਿੱਤਾ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 14 ਅਤੇ 15 ਮਾਰਚ ਦੀ ਦਰਮਿਆਨੀ ਰਾਤ ਮੰਦਰ ਦੀ ਇਮਾਰਤ ’ਤੇ ਕੋਈ ਚੀਜ਼ ਸੁੱਟੀ ਗਈ, ਜਿਸ ਤੋਂ ਬਾਅਦ ਵਿਸਫੋਟ ਹੋਇਆ। ਧਮਾਕੇ ਵੇਲੇ ਮੰਦਰ ਦਾ ਪੁਜਾਰੀ ਅਤੇ ਉਸ ਦਾ ਪਰਵਾਰ ਉਪਰਲੀ ਮੰਜ਼ਲ ’ਤੇ ਸਨ। ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮੰਦਰ ਦੀ ਇੱਕ ਕੰਧ ਨੂੰ ਨੁਕਸਾਨ ਪੁੱਜਾ ਹੈ। ਕੁਝ ਸਮੇਂ ਤੋਂ ਪੁਲਸ ਇਮਾਰਤਾਂ ਦੇ ਬਾਹਰ ਅਤੇ ਅੰਦਰ ਧਮਾਕੇ ਹੋਏ ਸਨ, ਪਰ ਕਿਸੇ ਧਰਮ ਸਥਾਨ ਦੀ ਇਮਾਰਤ ਵਿੱਚ ਅਜਿਹਾ ਧਮਾਕਾ ਪਹਿਲੀ ਵਾਰ ਹੋਇਆ ਹੈ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਬੰਬ ਧਮਾਕਾ ਦੱਸਦਿਆਂ ਕਿਹਾ ਕਿ ‘ਆਪ’ ਸਰਕਾਰ ਸੂਬੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਸਾਬਤ ਹੋਈ ਹੈ ਅਤੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਅਜਿਹੇ 13 ਧਮਾਕੇ ਹੋ ਚੁੱਕੇ ਹਨ। ਧਮਾਕਾ ਕਰਨ ਵਾਲਿਆਂ ਨੂੰ ਕਾਬੂ ਕਰ ਕੇ ਘਟਨਾ ਪਿੱਛੇ ਕੰਮ ਕਰਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।