ਅੰਮਿ੍ਰਤਸਰ : ਕਸਟਮ ਵਿਭਾਗ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਯਾਤਰੀ ਕੋਲੋਂ ਪੰਜ ਕਿੱਲੋ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਬ ਪੰਜ ਕਰੋੜ ਰੁਪਏ ਹੈ। ਇਹ ਵਿਅਕਤੀ, ਜਿਸ ਕੋਲ ਭਾਰਤੀ ਪਾਸਪੋਰਟ ਹੈ, ਥਾਈ ਲਾਈਨ ਏਅਰਲਾਈਨ ਦੀ ਹਵਾਈ ਉਡਾਣ ਰਾਹੀਂ ਸ਼ਨਿੱਚਰਵਾਰ ਰਾਤ ਕਰੀਬ 12 ਵਜੇ ਅੰਮਿ੍ਰਤਸਰ ਪੁੱਜਾ ਸੀ। ਯਾਤਰੀ ਦੀ ਸ਼ਨਾਖਤ ਮੁਹੰਮਦ ਸੁਹੇਬ ਵਜੋਂ ਹੋਈ ਹੈ।
190 ਤੋਂ ਵੱਧ ਮਰੀਜ਼ ਬਚਾਏ
ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਐਤਵਾਰ ਵੱਡੇ ਤੜਕੇ ਸਰਕਾਰੀ ਹਸਪਤਾਲ ਵਿਚ ਅੱਗ ਲੱਗਣ ਤੋਂ ਬਾਅਦ 190 ਤੋਂ ਵੱਧ ਮਰੀਜ਼ਾਂ ਨੂੰ ਫੌਰੀ ਬਾਹਰ ਕੱਢ ਕੇ ਬਚਾਇਆ ਗਿਆ। ਕਮਲਾ ਰਾਜਾ ਹਸਪਤਾਲ, ਜੋ ਗਾਜਰਾ ਰਾਜਾ ਮੈਡੀਕਲ ਕਾਲਜ ਦਾ ਹੀ ਹਿੱਸਾ ਹੈ, ਦੇ ਗਾਇਨਾਕਾਲੋਜੀ ਵਿਭਾਗ ਦੇ ਆਈ ਸੀ ਯੂ ਵਿੱਚ ਏਅਰਕੰਡੀਸ਼ਨਰ ਨੂੰ ਤੜਕੇ ਅੱਗ ਲੱਗੀ। ਆਈ ਸੀ ਯੂ ’ਚ ਦਾਖਲ 13 ਮਰੀਜ਼ਾਂ ਨੂੰ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ।
ਮੁਕਾਬਲੇ ’ਚ ਦੋ ਗੈਂਗਸਟਰ ਫੱਟੜ
ਲੁਧਿਆਣਾ : ਇੱਥੇ ਦੁੱਗਰੀ ਇਲਾਕੇ ਵਿੱਚ ਸ਼ਨਿਚਰਵਾਰ ਦੇਰ ਰਾਤ ਡੇਢ ਵਜੇ ਦੇ ਕਰੀਬ ਪੁਲਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ। ਨਕਲੋ-ਹਰਕਤ ਬਾਰੇ ਜਾਣਕਾਰੀ ਮਿਲਣ ’ਤੇ ਪੁਲਸ ਨੇ ਘੇਰਿਆ ਤਾਂ ਗੈਂਗਸਟਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਦੋਨੋਂ ਫੱਟੜ ਹੋ ਗਏ। ਦੋਵਾਂ ਦੇ ਪੱਟਾਂ ਵਿੱਚ ਗੋਲੀ ਲੱਗੀ ਹੈ। ਇਨ੍ਹਾਂ ਦੀ ਪਛਾਣ ਗਗਨਦੀਪ ਸਿੰਘ ਗੱਗੂ ਤੇ ਮਨਦੀਪ ਕੁਮਾਰ ਮਿੱਠੂ ਵਜੋਂ ਹੋਈ ਹੈ। ਇਨ੍ਹਾਂ ’ਤੇ ਜਬਰ-ਜਨਾਹ, ਐੱਨ ਡੀ ਪੀ ਐੱਸ ਐਕਟ ਤੇ ਲੁੱਟ ਦੇ ਕੇਸ ਦਰਜ ਹਨ। ਦੋਵਾਂ ਦੇ ਕਬਜ਼ੇ ਵਿੱਚੋਂ ਇੱਕ ਹਥਿਆਰ, ਬਿਨਾਂ ਨੰਬਰ ਵਾਲੀ ਐਕਟਿਵਾ ਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ।




