ਜਗਰਾਓਂ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ 41 ਦੀ ਸਥਾਨਕ ਡਵੀਜ਼ਨ ਕਮੇਟੀ ਨੇ ਸ਼ਹੀਦ ਗੁਰਦੀਪ ਸਿੰਘ ਸੈਂਬੀ ਸਹਾਇਕ ਲਾਈਨਮੈਨ, ਜੋ ਪਿਛਲੇ ਸਾਲ ਬਿਜਲੀ ਸਪਲਾਈ ਬਹਾਲ ਕਰਦਿਆਂ ਕਰੰਟ ਲੱਗ ਕੇ ਭਰ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਿਆ ਸੀ, ਦੀ ਯਾਦ ਨੂੰ ਸਮਰਪਿਤ ਡੈਲੀਗੇਟ ਅਜਲਾਸ ਕੀਤਾ। ਮੁਲਾਜ਼ਮ ਆਗੂ ਚਰਨਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਅਯੋਜਿਤ ਕੀਤੇ ਸਮਾਗਮ ਦੀ ਸ਼ੁਰੂਆਤ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਸ਼ਹੀਦ ਗੁਰਦੀਪ ਸਿੰਘ ਦੀ ਮਾਤਾ ਸ੍ਰੀਮਤੀ ਕੁਲਦੀਪ ਕੌਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਗੁਰਦੀਪ ਸਿੰਘ ਦੀ ਫੋਟੋ ਤੋਂ ਪਰਦਾ ਹਟਾ ਕੇ ਕੀਤੀ । ਇਸ ਨਿਵੇਕਲੀ ਕਿਸਮ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਸਮੇਤ ਅਦਾਰੇ ਦੀ ਡਿਊਟੀ ਕਰਦਿਆਂ ਵੱਖ-ਵੱਖ ਸਮੇਂ ’ਤੇ ਹੋਏ ਬਿਜਲੀ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲੇ ਕਰਮਚਾਰੀਆਂ ਦੇ ਵਾਰਿਸਾਂ ਅਤੇ ਜਥੇਬੰਦੀ ਦੀ ਸੂਬਾ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਉਚੇਚੇ ਤੌਰ ’ਤੇ ਪਾਵਰਕਾਮ ਦੇ ਕੇਂਦਰੀ ਜ਼ੋਨ ਲੁਧਿਆਣਾ ਦੇ ਮੁੱਖ ਇੰਜੀ: ਜਗਦੇਵ ਸਿੰਘ ਹਾਂਸ, ਸਥਾਨਕ ਡਵੀਜ਼ਨ ਦੇ ਵਧੀਕ ਨਿਗਰਾਨ ਇੰਜੀ: ਗੁਰਪ੍ਰੀਤ, ਮਹਿੰਦਰ ਸਿੰਘ ਸਿੱਧੂ, ਦਾਖਾ ਡਵੀਜ਼ਨ ਦੇ ਵਧੀਕ ਨਿਗਰਾਨ ਇੰਜੀ : ਰਵੀ ਕੁਮਾਰ ਚੋਪੜਾ ਅਤੇ ਉਪ ਮੰਡਲ ਅਫਸਰਾਂ ਇੰਜੀ : ਹਰਮਨਦੀਪ ਸਿੰਘ, ਇੰਜੀ : ਗੁਰਵਿੰਦਰ ਸਿੰਘ, ਇੰਜੀ. ਅਮਿਤ ਸਿੰਗਲਾ, ਇੰਜੀ. ਪਵਨ ਕੁਮਾਰ, ਇੰਜੀ. ਗੁਰਪ੍ਰੀਤ ਸਿੰਘ ਕੰਗ, ਇੰਜੀ. ਗੁਰਪ੍ਰੀਤ ਸਿੰਘ ਮੱਲੀ, ਇੰਜੀ. ਰਵੀ ਕੁਮਾਰ ਨੇ ਹਿੱਸਾ ਲਿਆ।ਡੈਲੀਗੇਟ ਅਜਲਾਸ ਦਾ ਉਦਘਾਟਨੀ ਭਾਸ਼ਣ ਸਰਕਲ ਪ੍ਰਧਾਨ ਅਤੇ ਸੂਬਾ ਆਗੂ ਕਰਤਾਰ ਸਿੰਘ ਨੇ ਕਰਦੇ ਹੋਏ ਲੋਕਾਂ ਦੀ ਸੇਵਾ ਕਰਦਿਆਂ ਹਾਦਸਿਆਂ ਨਾਲ ਸਦੀਵੀ ਵਿਛੋੜਾ ਦੇ ਗਏ ਕਰਮਚਾਰੀਆਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਕੇ ਕੀਤਾ। ਉਪਰੰਤ ਡਵੀਜ਼ਨ ਸਕੱਤਰ ਨੇ ਪਿਛਲੇ ਤਿੰਨਾਂ ਸਾਲਾਂ ਦੀ ਜਥੇਬੰਦਕ ਸਰਗਰਮੀਆਂ ਅਤੇ ਖਰਚੇ ਦੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ ਚੁਣੇ ਹੋਏ ਡੈਲੀਗੇਟਾਂ ਨੇ ਭਖਵੀਂ ਬਹਿਸ ਕੀਤੀ ਅਤੇ ਕੁੱਝ ਵਾਧੇ ਵੀ ਦਰਜ ਕਰਵਾਏ। ਸਰਕਲ ਸਕੱਤਰ ਹਰਵਿੰਦਰ ਸਿੰਘ ਲਾਲੂ ਨੇ ਦੋਨਾਂ ਰਿਪੋਰਟਾਂ ਨੂੰ ਨਾਅਰਿਆਂ ਦੀ ਗੂੰਜ ਨਾਲ ਹਾਜ਼ਰੀਨ ਕੋਲੋਂ ਹੱਥ ਖੜੇ ਕਰਵਾ ਕੇ ਪਾਸ ਕਰਵਾਇਆ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਇੰਜੀ. ਜਗਦੇਵ ਸਿੰਘ ਹਾਂਸ ਨੇ ਏਟਕ ਜਥੇਬੰਦੀ ਦੀ ਸੁਚੱਜੀ ਲੀਡਰਸ਼ਿਪ ਦੇ ਵਿਭਾਗ ਦੀ ਡਿਊਟੀ ਨਿਭਾਉਦਿਆਂ ਜਾਨਾਂ ਵਾਰਨ ਵਾਲੇ ਕਾਮਿਆਂ ਦੇ ਵਾਰਸਾਂ ਨੂੰ ਸਨਮਾਨਤ ਕਰਨ ਦੇ ਸ਼ਾਨਦਾਰ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਇਸ ਮੌਕੇ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਵਰਕਿੰਗ ਪ੍ਰਧਾਨ ਚਮਕੌਰ ਸਿੰਘ, ਸੂਬਾ ਆਗੂ ਐੱਸ ਪੀ ਸਿੰਘ, ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ, ਸੂਬਾ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ, ਸੂਬਾ ਆਗੂ ਰਛਪਾਲ ਸਿੰਘ ਪਾਲੀ, ਦਰਸ਼ਨ ਲਾਲ ਮੋਗਾ, ਜ਼ੋਨ ਕਨਵੀਨਰ ਗੁਰਦਿਆਲ ਸਿੰਘ ਬੱਬੂ, ਸਤੀਸ਼ ਕੁਮਾਰ, ਸਰਕਲ ਆਗੂ ਹਰਜਿੰਦਰ ਸਿੰਘ, ਦੇਸਰਾਜ ਘਈ, ਸਾਬਕਾ ਆਗੂ ਜੋਗਿੰਦਰ ਕੁਮਾਰ ਅਤੇ ਭੁਪਿੰਦਰਪਾਲ ਬਰਾੜ ਆਦਿ ਨੇ ਵਿਚਾਰ ਪੇਸ਼ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਕੋਲੋਂ ਅਦਾਰੇ ਵਿੱਚ ਨਵੀਂ ਰੈਗੂਲਰ ਭਰਤੀ ਕਰਨ ਅਤੇ ਸਾਰੇ ਕੱਚੇ ਕਾਮੇ ਪੱਕੇ ਕਰਨ ਦੀ ਜ਼ੋਰਦਾਰ ਮੰਗ ਕੀਤੀ । ਇਸ ਸਮਾਗਮ ਵਿੱਚ ਹਾਜ਼ਰ ਸ਼ਹੀਦ ਗੁਰਦੀਪ ਸਿੰਘ ਦੇ ਮਾਤਾ/ਪਿਤਾ ਸਮੇਤ ਦਰਜਨ ਤੋਂ ਵੱਧ ਜਾਨਾਂ ਗਵਾਉਣ ਵਾਲੇ ਕਾਮਿਆਂ ਦੇ ਵਾਰਿਸਾਂ ਨੂੰ ਮੁੱਖ ਇੰਜੀ. ਹਾਂਸ ਅਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੰਡੀਵਿੰਡ ਦੀ ਅਗਵਾਈ ਹੇਠ ਸੂਬਾ ਲੀਡਰਸ਼ਿਪ ਨੇ ਗੁਰਦੀਪ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ੀਲਡਾਂ ਦੇ ਕੇ ਸਨਮਾਨਤ ਕੀਤਾ। ਉਪਰੰਤ ਡਵੀਜ਼ਨ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਜਸਪਾਲ ਸਿੰਘ ਨੂੰ ਪ੍ਰਧਾਨ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਲਵਲੀ, ਸੁਖਰਾਜ ਸਿੰਘ ਮੀਤ ਪ੍ਰਧਾਨ, ਜਰਨੈਲ ਸਿੰਘ ਸਕੱਤਰ, ਮਨਦੀਪ ਸਿੰਘ ਮੀਤ ਸਕੱਤਰ, ਬਲਜੀਤ ਸਿੰਘ ਖਜ਼ਾਨਚੀ, ਕੁਲਜਿੰਦਰ ਸਿੰਘ ਸਹਾਇਕ ਖਜ਼ਾਨਚੀ, ਮਹਿੰਦਰ ਸਿੰਘ ਪ੍ਰੈੱਸ ਸਕੱਤਰ, ਚੰਦਰ ਸ਼ੇਖਰ ਜਥੇਬੰਦਕ ਸਕੱਤਰ, ਨਿਰਮਲ ਸਿੰਘ ਪ੍ਰਚਾਰ ਸਕੱਤਰ, ਦਮਨਜੀਤ ਸਿੰਘ ਐਡੀਟਰ, ਸੁਰਜੀਤ ਸਿੰਘ ਤੇ ਗੁਰਤੇਜ ਸਿੰਘ ਅਨਵਾਇੰਟੀ ਮੈਂਬਰ ਚੁਣੇ ਗਏ। ਸਮਾਗਮ ਦੇ ਅਖੀਰ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੰਬੋਧਨ ਕਰਦੇ ਹੋਏ ਸਮਾਗਮ ਅਯੋਜਿਤ ਕਰਨ ਵਾਲੇ ਆਗੂ ਚਰਨਜੀਤ ਸਿੰਘ ਸੋਹਲ ਅਤੇ ਸਮੁੱਚੀ ਆਗੂ ਟੀਮ ਸਮੇਤ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਖਪਤਕਾਰਾਂ ਦੀ ਸੇਵਾ ਕਰਦੇ ਹੋਏ ਬਿਜਲੀ ਹਾਦਸਿਆਂ ਨਾਲ ਜਾਨਾਂ ਗਵਾਉਣ ਵਾਲੇ ਕਰਮਚਾਰੀਆਂ ਦੀ ਯਾਦ ਵਿੱਚ ਢੁਕਵੀਂ ਜਗ੍ਹਾ ’ਤੇ ਸ਼ਾਨਦਾਰ ਯਾਦਗਾਰ ਬਣਾਈ ਜਾਵੇ। ਗੰਡੀਵਿੰਡ ਨੇ ਕਰਮਚਾਰੀਆਂ ਦੀਆਂ ਪੈਂਡਿੰਗ ਪਈਆਂ ਵਾਜਿਬ ਮੰਗਾਂ ਦੇ ਜਲਦੀ ਨਿਪਟਾਰੇ ਦੀ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ। ਇਸ ਸਮਾਗਮ ਵਿੱਚ ਹਾਜ਼ਰੀਨ ਲਈ ਚਾਹ ਪਾਣੀ ਅਤੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੀ ਡਵੀਜ਼ਨ ਕਮੇਟੀ ਨੇ ਨਵਾਂ ਜ਼ਮਾਨਾ ਨੂੰ 1100 ਰੁਪਏ ਦੀ ਸਹਾਇਤਾ ਭੇਜੀ ।