ਸੁਨੀਤਾ ਤੇ ਵਿਲਮੋਰ ਦੀ ਧਰਤੀ ’ਤੇ ਵਾਪਸੀ ਦਾ ਰਾਹ ਪੱਧਰਾ

0
40

ਕੇਪ ਕੈਨਵੇਰਲ (ਅਮਰੀਕਾ)
ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਫਸੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਤਰੀਆਂ ਬੁਚ ਵਿਲਮੋਰ ਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਦੀ ਥਾਂ ਹੋਰਨਾਂ ਪੁਲਾੜ ਯਾਤਰੀਆਂ ਦੀ ਤਾਇਨਾਤੀ ਲਈ ਇੱਕ ਦਿਨ ਪਹਿਲਾਂ ਰਵਾਨਾ ਹੋਇਆ ‘ਸਪੇਸਐਕਸ’ ਦਾ ਕੈਪਸੂਲ ਐਤਵਾਰ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਿਆ। ਇਸ ਦੇ ਨਾਲ ਹੀ ਸੁਨੀਤਾ ਤੇ ਵਿਲਮੋਰ ਦੀ ਧਰਤੀ ’ਤੇ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ।
ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ ਚਾਰ ਨਵੇਂ ਪੁਲਾੜ ਯਾਤਰੀ ਅਮਰੀਕਾ, ਜਾਪਾਨ ਤੇ ਰੂਸ ਦੀ ਨੁਮਾਇੰਦਗੀ ਕਰ ਰਹੇ ਹਨ। ਉਹ ਕੁਝ ਦਿਨ ਸੁਨੀਤਾ ਤੇ ਵਿਲਮੋਰ ਤੋਂ ਸਟੇਸ਼ਨ ਬਾਰੇ ਜਾਣਕਾਰੀ ਹਾਸਲ ਕਰਨਗੇ। ਜੇ ਮੌਸਮ ਠੀਕ ਰਹਿੰਦਾ ਹੈ ਤਾਂ ਵਿਲਮੋਰ ਤੇ ਸੁਨੀਤਾ ਨੂੰ ਅਗਲੇ ਹਫਤੇ ਫਲੋਰੀਡਾ ਦੇ ਸਾਹਿਲ ਨਜ਼ਦੀਕ ਸਮੁੰਦਰੀ ਖੇਤਰ ਵਿੱਚ ਉਤਾਰਿਆ ਜਾਵੇਗਾ। ਵਿਲਮੋਰ ਤੇ ਸੁਨੀਤਾ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ 5 ਜੂਨ ਨੂੰ ਕੇਪ ਕੈਨਵੇਰਲ ਤੋਂ ਰਵਾਨਾ ਹੋਏ ਸੀ। ਦੋਵੇਂ ਇਕ ਹਫਤੇ ਲਈ ਹੀ ਗਏ ਸੀ, ਪਰ ਪੁਲਾੜ ਵਾਹਨ ਵਿਚ ਹੀਲੀਅਮ ਦੇ ਰਿਸਾਅ ਤੇ ਰਫਤਾਰ ਵਿੱਚ ਕਮੀ ਕਰਕੇ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ’ਚ ਫਸੇ ਹੋਏ ਹਨ।
ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਪੁਲਾੜ ਯਾਤਰੀਆਂ ਦੀ ਨਵੀਂ ਟੀਮ ਵਿੱਚ ਨਾਸਾ ਦੇ ਐਨੀ ਮੈਕਲੇਨ ਤੇ ਨਿਕੋਲ ਏਅਰਸ ਸ਼ਾਮਲ ਹਨ। ਇਹ ਦੋਵੇਂ ਫੌਜੀ ਪਾਇਲਟ ਹਨ। ਇਨ੍ਹਾਂ ਤੋਂ ਇਲਾਵਾ ਜਾਪਾਨ ਦੇ ਤਾਕੁਯਾ ਓਨਿਸ਼ੀ ਤੇ ਰੂਸ ਦੇ ਕਿਰਿਲ ਪੈਸਕੋਵ ਵੀ ਗਏ ਹਨ। ਇਹ ਦੋਵੇਂ ਏਅਰਲਾਈਨ ਕੰਪਨੀਆਂ ਦੇ ਸਾਬਕਾ ਪਾਇਲਟ ਹਨ। ਇਹ ਚਾਰ ਜਣੇ ਵਿਲਮੋਰ ਤੇ ਸੁਨੀਤਾ ਦੇ ਧਰਤੀ ਲਈ ਰਵਾਨਾ ਹੋਣ ਮਗਰੋਂ ਅਗਲੇ ਛੇ ਮਹੀਨੇ ਪੁਲਾੜ ਸਟੇਸ਼ਨ ਵਿੱਚ ਬਿਤਾਉਣਗੇ।