ਜਲੰਧਰ : ਡਰੱਗ ਸਰਗਣੇ ਰਣਜੀਤ ਸਿੰਘ ਜੀਤਾ ਮੌੜ ਦਾ ਦੇਹਾਂਤ ਹੋ ਗਿਆ ਹੈ। ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਦੇ ਜੀਤੇ ਨੂੰ ਸੋਮਵਾਰ ਦੇਰ ਸ਼ਾਮ ਦਿਲ ਦਾ ਦੌਰਾ ਪਿਆ। ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਹ ਕੁਝ ਮਹੀਨਿਆਂ ਤੋਂ ਬਿਮਾਰ ਸੀ ਅਤੇ ਲੱਤਾਂ ਸੁੱਜੀਆਂ ਹੋਣ ਕਾਰਨ ਤੁਰਨ-ਫਿਰਨ ਵਿੱਚ ਮੁਸ਼ਕਲ ਆ ਰਹੀ ਸੀ।
ਜੀਤਾ ਮੌੜ ਨੇ ਇੱਕ ਕੌਮਾਂਤਰੀ ਕਬੱਡੀ ਖਿਡਾਰੀ ਤੋਂ ਲੈ ਕੇ ਇੱਕ ਪ੍ਰਮੁੱਖ ਰਿਐਲਟਰ ਤੱਕ ਦੋਆਬਾ ਅਤੇ ਮਾਝਾ ਵਿੱਚ 70 ਤੋਂ 80 ਕਲੋਨੀਆਂ ਵਿਕਸਤ ਕੀਤੀਆਂ। ਉਸ ਦੀ ਆਲੀਸ਼ਾਨ ਜੀਵਨ ਸ਼ੈਲੀ ਅਤੇ ਦਰਾਮਦ ਕੀਤੀਆਂ ਮਹਿੰਗੀਆਂ ਕਾਰਾਂ ਦੇ ਫਲੀਟ ਕਰਕੇ ਉਸ ਨੇ ਬਹੁਤ ਸਾਰੇ ਦੋਸਤ ਅਤੇ ਵਪਾਰਕ ਭਾਈਵਾਲ ਬਣਾਏ, ਜਿਨ੍ਹਾਂ ਵਿੱਚੋਂ ਬਹੁਤੇ ਸਿਆਸਤਦਾਨ ਅਤੇ ਸੀਨੀਅਰ ਪੁਲਸ ਅਧਿਕਾਰੀ ਸਨ। ਉਸ ਦੇ ਵਿਸ਼ਾਲ ਸਾਮਰਾਜ, ਜਿਸ ਨੂੰ ਉਸ ਨੇ 2010 ਵਿੱਚ ਸਥਾਪਤ ਕਰਨਾ ਸ਼ੁਰੂ ਕੀਤਾ ਸੀ, ਨੂੰ ਪਹਿਲਾ ਝਟਕਾ ਉਦੋਂ ਲੱਗਾ, ਜਦੋਂ ਉਹ 2018 ਵਿੱਚ ਆਪਣੇ ਕਾਰੋਬਾਰੀ ਸਾਥੀ ਚਰਨ ਸਿੰਘ ਨਾਲੋਂ ਵੱਖ ਹੋ ਗਿਆ। ਉਹ ਆਪਣੇ ਇਸ ਭਾਈਵਾਲ ਨਾਲ ਹੁਣ 30 ਤੋਂ ਵੱਧ ਸਿਵਲ ਅਤੇ ਅਪਰਾਧਕ ਮੁਕੱਦਮਿਆਂ ਵਿੱਚ ਉਲਝਿਆ ਹੋਇਆ ਸੀ। ਫਰਵਰੀ 2022 ਵਿੱਚ ਸਪੈਸ਼ਲ ਟਾਸਕ ਫੋਰਸ ਨੇ ਚਰਨ ਸਿੰਘ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਉਸ ਨੂੰ ਇੱਕ ਡਰੱਗ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਅਤੇ 12 ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ। ਇਸ ਮਾਮਲੇ ਨੇ ਉਸ ਨੂੰ ਈ ਡੀ ਦੇ ਨਿਸ਼ਾਨੇ ’ਤੇ ਲਿਆ ਦਿੱਤਾ।
ਜੀਤਾ ਮੌੜ ਆਪਣੇ ਸਕੂਲ ਦੇ ਦਿਨਾਂ ਵਿੱਚ ਲੰਡਨ ਚਲਿਆ ਗਿਆ ਸੀ। ਉਸ ਨੇ ਆਪਣੇ ਚਾਚਾ ਮਹਿੰਦਰ ਸਿੰਘ ਮੌੜ ਤੋਂ ਕਬੱਡੀ ਦੀ ਸਿਖਲਾਈ ਪ੍ਰਾਪਤ ਕੀਤੀ, ਜੋ ਕਿ ਇੱਕ ਕਬੱਡੀ ਪ੍ਰਮੋਟਰ ਸਨ। 1990 ਦੇ ਦਹਾਕੇ ਦੇ ਅਖੀਰ ਵਿੱਚ ਉਸ ਦੇ ਕਬੱਡੀ ਮੈਚਾਂ ਦੇ ਵੀਡੀਓ ਯੂਟਿਊਬ ’ਤੇ ਪ੍ਰਸਿੱਧ ਰਹੇ। ਉਸ ਦੀ ਪਤਨੀ ਅਤੇ ਚਾਰ ਪੁੱਤਰ ਲੰਡਨ ਵਿੱਚ ਸੈਟਲ ਹਨ। ਜੀਤਾ ਮੌੜ ਨੇ ਇੱਥੇ ਘੱਟੋ-ਘੱਟ ਚਾਰ ਫਰਮਾਂ ਸਥਾਪਤ ਕੀਤੀਆਂ, ਜਿਨ੍ਹਾਂ ਵਿੱਚ ਗ੍ਰੇਟ ਗ੍ਰੀਨ ਬਿਲਡ ਇੰਡੀਆ ਪ੍ਰਾਈਵੇਟ ਲਿਮਟਿਡ, ਜੀ ਜੀ ਬੀ ਰਾਇਲ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ, ਆਰ ਬੀ ਆਰ ਰੀਅਲ ਅਸਟੇਟ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ ਅਤੇ ਕੇ ਬੀ ਸੀ ਟਰਾਂਸਪੋਰਟ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਉਸ ਦੀਆਂ ਸੈਂਕੜੇ ਏਕੜ ਵਿੱਚ ਫੈਲੀਆਂ ਜਾਇਦਾਦਾਂ ਸੁਲਤਾਨਪੁਰ ਲੋਧੀ, ਨਕੋਦਰ, ਲੋਹੀਆਂ, ਬੰਗਾ, ਮੁਕੇਰੀਆਂ, ਪੱਟੀ, ਤਰਨ ਤਾਰਨ, ਬਟਾਲਾ ਅਤੇ ਪਠਾਨਕੋਟ ਵਿੱਚ ਸਥਿਤ ਹਨ। ਉਸ ਦੇ ਨਿਵੇਸ਼ਕਾਂ ਦੀ ਸੂਚੀ ਵਿੱਚ ਕਥਿਤ ਤੌਰ ’ਤੇ ਘੱਟੋ-ਘੱਟ ਅੱਠ ਆਈ ਪੀ ਐੱਸ ਅਤੇ ਪੀ ਪੀ ਐੱਸ ਅਧਿਕਾਰੀਆਂ ਦੇ ਨਾਂਅ ਸ਼ਾਮਲ ਹਨ। ਇੱਕ ਸਾਬਕਾ ਕਾਂਗਰਸੀ ਵਿਧਾਇਕ ਦਾ ਨਾਂਅ ਵੀ ਉਸ ਦੇ ਖਿਲਾਫ ਇੱਕ ਸ਼ਿਕਾਇਤ ਵਿੱਚ ਆਇਆ ਸੀ। ਉਦੋਂ ਇਹ ਦੋਸ਼ ਲੱਗਾ ਸੀ ਕਿ ਕਾਂਗਰਸੀ ਵਿਧਾਇਕ ਨੇ ਉਸ ਨੂੰ 15 ਕਰੋੜ ਰੁਪਏ ਦਾ ਘਰ ਤੋਹਫੇ ਵਿੱਚ ਦਿੱਤਾ ਸੀ ਅਤੇ ਉਸ ਦੇ ਪੁੱਤਰ ਨੂੰ ਉਸ ਦੇ ਕਾਰੋਬਾਰ ਵਿੱਚ ਲਿਹਾਜ਼ ਪਾਲਣ ਲਈ ਇੱਕ ਲਗਜ਼ਰੀ ਕਾਰ ਵੀ ਦਿੱਤੀ ਸੀ। ਉਸ ’ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੇ 53 ਐੱਨ ਆਰ ਆਈ ਖਾਤਿਆਂ ਵਿੱਚ ਕਰੋੜਾਂ ਰੁਪਏ ਪ੍ਰਾਪਤ ਕੀਤੇ ਸਨ।
ਹਾਲਾਂਕਿ, ਜੀਤਾ ਮੌੜ ਨੇ ਇਸ ਕਾਰਵਾਈ ਨੂੰ ਉਦੋਂ ਆਪਣੇ ਅਕਸ ਨੂੰ ਖਰਾਬ ਕਰਨ ਦੀ ਚਾਲ ਦੱਸਿਆ ਸੀ। ਜੀਤਾ ਮੌੜ ਨੇ ਕਿਹਾ ਸੀ, ‘ਮੈਂ 1988 ਤੋਂ ਯੂ ਕੇ ਵਿੱਚ ਕੰਮ ਕਰ ਰਿਹਾ ਹਾਂ। ਮੇਰੇ ਚਾਚਾ 1950 ਦੇ ਦਹਾਕੇ ਤੋਂ ਉੱਥੇ ਸਨ ਅਤੇ ਉਨ੍ਹਾਂ ਕੋਲ 25 ਟਰੱਕ ਸਨ। ਸਾਡੇ ਕੋਲ 90 ਘਰ, 35 ਦੁਕਾਨਾਂ ਹਨ ਅਤੇ ਅਸੀਂ ਲੰਡਨ ਵਿੱਚ ਫਰਨੀਚਰ ਅਤੇ ਜਾਇਦਾਦ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਾਂ। ਇਹ ਗਲਤ ਢੰਗ ਨਾਲ ਕਮਾਈ ਕੀਤੀ ਦੌਲਤ ਨਹੀਂ, ਸਗੋਂ ਸਖਤ ਮਿਹਨਤ ਦਾ ਨਤੀਜਾ ਹੈ।’