ਜਲਾਲਾਬਾਦ (ਜੰਗੀਰ ਕੌਰ ਫਲੀਆਂਵਾਲਾ/ਜੀਤ ਕੁਮਾਰ ਚੌਹਾਣਾ/ ਰਣਬੀਰ ਕੌਰ ਢਾਬਾਂ)
ਸਥਾਨਕ ਸੁਤੰਤਰ ਭਵਨ ਵਿਖ਼ੇ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਜਲਾਲਾਬਾਦ ਦੀ ਇੱਕ ਵਿਸ਼ੇਸ਼ ਮੀਟਿੰਗ ਹੰਸ ਰਾਜ ਗੋਲਡਨ, ਸੁਰਿੰਦਰ ਢੰਡੀਆਂ, ਗੁਰਮੀਤ ਕੌਰ ਢੰਡੀਆਂ, ਪਰਮਜੀਤ ਢਾਬਾਂ ਅਤੇ ਹਰਭਜਨ ਛੱਪੜੀਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਇਲਾਕੇ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਨੇ ਕਿਹਾ ਕਿ ਦੁਨੀਆ ਦੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਬੇਸ਼ੱਕ ਦੁਨੀਆ ਦੀ ਸਰਮਾਏਦਾਰੀ ਸਭ ਕਾਸੇ ’ਤੇ ਕਬਜ਼ਾ ਕਰਨ ਲਈ ਸਾਰੇ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਪਰ ਲੋਕ ਸੰਘਰਸ਼ਾਂ ਅੱਗੇ ਇਹਨੂੰ ਹਾਰਨਾ ਪਵੇਗਾ। ਉਹਨਾ ਆਸ ਪ੍ਰਗਟ ਕਰਦਿਆਂ ਕਿਹਾ ਕਿ 2025 ਦਾ ਸਾਲ ਦੁਨੀਆ ਵਿੱਚ ਇਨਕਲਾਬੀ ਤਬਦੀਲੀਆਂ ਦਾ ਗਵਾਹ ਬਣ ਸਕਦਾ ਹੈ, ਕਿਉਂਕਿ ਹੁਣ ਸਰਮਾਏਦਾਰੀ ਪ੍ਰਬੰਧ ਦਾ ਵਿਕਾਸ ਰੁਕਦਾ ਨਜ਼ਰ ਆ ਰਿਹਾ ਹੈ। ਉਹਨਾ ਪਾਰਟੀ ਵਰਕਰਾਂ ਅਤੇ ਜਨਤਕ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਭ ਆਪਣੇ ਇਨਕਲਾਬੀ ਪ੍ਰੋਗਰਾਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਪੂਰਾ ਜ਼ੋਰ ਲਾ ਦੇਣ, ਤਾਂ ਲੋਕ ਜ਼ਰੂਰ ਸਾਡਾ ਸਾਥ ਦੇਣਗੇ।
ਕਾਮਰੇਡ ਗੋਲਡਨ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਵਾਂਗ ਸੱਤਾਧਾਰੀ ਪਾਰਟੀ ਨੇ ਵੀ ਲੋਕਾਂ ਦੀ ਬਾਂਹ ਨਹੀਂ ਫੜੀ ਅਤੇ ਲੋਕ ਠੱਗੇ ਮਹਿਸੂਸ ਕਰ ਰਹੇ ਹਨ। ਉਹਨਾ ਕਿਹਾ ਭਾਰਤੀ ਕਮਿਊਨਿਸਟ ਪਾਰਟੀ ਨੇ ਹਮੇਸ਼ਾ ਹੀ ਦੱਬੇ-ਕੁਚਲੇ ਅਤੇ ਪੀੜਤ ਲੋਕਾਂ ਦੇ ਹੱਕ ਦੀ ਆਵਾਜ਼ ਨੂੰ ਅੱਗੇ ਹੋ ਕੇ ਚੁੱਕਿਆ ਹੈ ਅਤੇ ਚੁਕਦੀ ਰਹੇਗੀ।
ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਚਲਾਈ ‘ਬਨੇਗਾ’ ਪ੍ਰਾਪਤੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਪੂਰੇ ਪੰਜਾਬ ਅਤੇ ਦੇਸ਼ ਅੰਦਰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਅਤੇ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਦੀ ਪਾਰਲੀਮੈਂਟ ਵਿੱਚ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ‘ਬਨੇਗਾ’ ਪਾਸ ਹੋਵੇਗਾ। ਹੋਰਨਾਂ ਤੋਂ ਇਲਾਵਾ ਬਲਵੰਤ ਚੌਹਾਣਾ, ਜੰਮੂ ਰਾਮ ਬਣਵਾਲਾ, ਰਮਨ ਧਰਮੂਵਾਲਾ, ਨੌਜਵਾਨ ਆਗੂ ਨਰਿੰਦਰ ਢਾਬਾਂ, ਹਰਜੀਤ ਕੌਰ ਢੰਡੀਆਂ, ਕਿਸਾਨ ਆਗੂ ਕਿਸ਼ਨ ਧਰਮੂਵਾਲਾ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਲਾਕ ਸਕੱਤਰ ਛਿੰਦਰ ਮਹਾਲਮ ਨੇ ਬਾਖੂਬੀ ਨਿਭਾਈ।




