ਆਰ ਐੱਸ ਐੱਸ ਨੇ ਔਰੰਗਜ਼ੇਬ ਬਾਰੇ ਸੁਰ ਬਦਲੀ

0
20

ਨਵੀਂ ਦਿੱਲੀ : ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮਹਾਰਾਸ਼ਟਰ ਵਿੱਚ ਸਥਿਤ ਕਬਰ ਨੂੰ ਲੈ ਕੇ ਸੋਮਵਾਰ ਸ਼ਾਮ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਹੋਈਆਂ ਫਿਰਕੂ ਝੜਪਾਂ ਦੀ ਜਾਰੀ ਸਰਗਰਮ ਜਾਂਚ ਦੇ ਦੌਰਾਨ ਹਾਕਮ ਭਾਜਪਾ ਦੇ ਵਿਚਾਰਧਾਰਕ ਸਲਾਹਕਾਰ ਸੰਗਠਨ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਨੇ ਬੁੱਧਵਾਰ ਕਿਹਾ ਕਿ ਛੇਵਾਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਮੌਜੂਦਾ ਸਮੇਂ ਵਿੱਚ ਪ੍ਰਸੰਗਕ ਨਹੀਂ ਹੈ। ਕਰਨਾਟਕ ਵਿੱਚ 21 ਤੋਂ 23 ਮਾਰਚ ਤੱਕ ਬੁਲਾਈ ਜਾ ਰਹੀ ਤਿੰਨ-ਰੋਜ਼ਾ ਆਲ ਇੰਡੀਆ ਪ੍ਰਤਿਨਿਧੀ ਸਭਾ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰ ਐੱਸ ਐੱਸ ਸੰਚਾਰ ਮੁਖੀ ਸੁਨੀਲ ਅੰਬੇਕਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਸਮਾਜ ਲਈ ਗੈਰ-ਸਿਹਤਮੰਦ ਹੈ ਅਤੇ ਔਰੰਗਜ਼ੇਬ ਦੀ ਅਜੋਕੇ ਦੌਰ ਵਿੱਚ ਕੋਈ ਅਹਿਮੀਅਤ ਨਹੀਂ ਹੈ। ਨਾਗਪੁਰ ਤੋਂ 500 ਕਿਲੋਮੀਟਰ ਦੂਰ ਛਤਰਪਤੀ ਸੰਭਾਜੀ ਨਗਰ ਵਿੱਚ ਸਥਿਤ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਬਾਰੇ ਆਪਣੀ ਅਸਹਿਮਤੀ ਦਾ ਸੰਕੇਤ ਦਿੰਦਿਆਂ ਅੰਬੇਕਰ ਨੇ ਲੁਕਵੇਂ ਢੰਗ ਨਾਲ ਸ਼ਾਂਤੀ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਸਮਾਜ ਲਈ ਗੈਰ-ਸਿਹਤਮੰਦ ਹੈ।ਇੱਕ ਸਿੱਧੇ ਸਵਾਲ ’ਤੇ ਕਿ ਕੀ ਔਰੰਗਜ਼ੇਬ ਮੌਜੂਦਾ ਸਮੇਂ ਲਈ ਵੀ ਢੁੱਕਵਾਂ ਹੈ, ਅੰਬੇਕਰ ਨੇ ਕਿਹਾ, ‘ਢੁਕਵਾਂ ਨਹੀਂ।’ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਸੋਮਵਾਰ ਨੂੰ ਨਾਗਪੁਰ ਵਿੱਚ ਹਿੰਸਕ ਝੜਪਾਂ ਹੋਈਆਂ ਤਾਂ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੁਹਿੰਮ ਦੀ ਅਗਵਾਈ ਆਰ ਐੱਸ ਐੱਸ ਨਾਲ ਜੁੜੇ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕਰ ਰਹੇ ਸਨ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਵੀ ਐੱਚ ਪੀ ਅਤੇ ਭਾਜਪਾ ਨੇਤਾਵਾਂ ’ਤੇ ਔਰੰਗਜ਼ੇਬ ਦੀ ਚਿੰਤਾ ਕਰਨ ’ਤੇ ਸਵਾਲ ਉਠਾਏ ਹਨ। ਔਰੰਗਜ਼ੇਬ ਦੀ ਮੌਤ 300 ਸਾਲ ਪਹਿਲਾਂ ਹੋਈ ਸੀ।