ਚੰਡੀਗੜ੍ਹ : ਪੁਲਸ ਨੇ ਬੁੱਧਵਾਰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਸ਼ੰਭੂ ਤੇ ਖਨੌਰੀ ਮੋਰਚਿਆਂ ਉਤੇ ਪਰਤਦੇ ਸਮੇਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ, ਅਭਿਮੰਨਿਊ ਕੋਹਾੜ ਤੇ ਹੋਰ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ।
ਪੁਲਸ ਨੇ ਇਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਫੜਿਆ। ਇਸ ਸੰਬੰਧੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਓ ਵਿੱਚ ਕਿਸਾਨ ਕਾਰਕੰਨਾਂ ਦੀ ਪੁਲਸ ਨਾਲ ਧੱਕਾਮੁੱਕੀ ਵੀ ਹੋਈ। ਹਿਰਾਸਤ ’ਚ ਲਏ ਗਏ ਕਿਸਾਨ ਆਗੂਆਂ ’ਚ ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ ਅਤੇ ਓਂਕਾਰ ਸਿੰਘ ਵੀ ਸ਼ਾਮਲ ਹਨ। ਪੰਧੇਰ ਨੂੰ ਜ਼ੀਰਕਪੁਰ ਬੈਰੀਅਰ ਅਤੇ ਡੱਲੇਵਾਲ, ਕੋਟੜਾ ਤੇ ਕੋਹਾੜ ਨੂੰ ਮੁਹਾਲੀ ਵਿੱਚ ਬੈਸਟੈੱਕ ਮਾਲ ਨੇੜਿਓਂ ਫੜਿਆ ਗਿਆ। ਸੂਤਰਾਂ ਮੁਤਾਬਕ ਰਾਤ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਵੱਡਾ ਐਕਸ਼ਨ ਹੋ ਸਕਦਾ ਹੈ।
ਦੱਸਿਆ ਜਾਂਦਾ ਹੈ ਕਿ ਕਿਸਾਨ ਆਗੂਆਂ ਨੂੰ ਫੜਨ ਦਾ ਫੈਸਲਾ ‘ਆਪ’ ਆਗੂਆਂ ਤੇ ਸਨਅਤਕਾਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਸੋਮਵਾਰ ਰਾਤ ਕੀਤਾ ਗਿਆ ਸੀ। ਸਨਅਤਕਾਰਾਂ ਨੇ ਕਿਹਾ ਸੀ ਕਿ ਕਿਸਾਨ ਪ੍ਰੋਟੈੱਸਟ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਚੰਡੀਗੜ੍ਹ ਦੀ ਮੀਟਿੰਗ ਤੋਂ ਪਹਿਲਾਂ ਅਚਾਨਕ ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਅਤੇ ਨੇੜਲੇ ਪਿੰਡਾਂ ਵਿੱਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ੰਭੂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ।
ਐੱਸ ਪੀ ਪੱਧਰ ਦੇ ਅਧਿਕਾਰੀ ਕਿਹਾ, ‘ਸਾਨੂੰ ਖਾਸ ਥਾਵਾਂ ’ਤੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਅਤੇ ਅਸੀਂ ਹੋਰ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ। ਸਾਨੂੰ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਸਾਨੂੰ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਤਾਇਨਾਤ ਕੀਤਾ ਗਿਆ ਹੈ ਜਾਂ ਹੋਰ ਕਿਸੇ ਕਾਰਨ।’
ਟੋਇੰਗ ਹੁੱਕਾਂ ਵਾਲੇ ਟਰੈਕਟਰ ਸ਼ੰਭੂ ਵਿਖੇ ਪੁਲਸ ਚੌਕੀ ਦੇ ਨੇੜੇ ਤਾਇਨਾਤ ਕਰ ਦਿੱਤੇ ਗਏ। ਇਸ ਦੌਰਾਨ ਜਿਹੜੇ ਕਿਸਾਨ ਕੇਂਦਰ ਨਾਲ ਗੱਲਬਾਤ ਲਈ ਚੰਡੀਗੜ੍ਹ ਗਏ ਵਫਦ ਦਾ ਹਿੱਸਾ ਨਹੀਂ ਸਨ, ਇਲਾਕੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ।
ਸ਼ੰਭੂ ਤੋਂ 15 ਕਿਲੋਮੀਟਰ ਦੂਰ ਬਨੂੜ ਦੇ ਨੇੜੇ ਵਾਧੂ ਬਲਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ। ਬਨੂੜ ਦੇ ਨੇੜੇ ਪੁਲਸ ਵੱਲੋਂ ਵਾਹਨਾਂ ਨੂੰ ਰੋਕ ਕੇ ਯਾਤਰੀਆਂ ਤੋਂ ਪੁੱਛਿਆ ਗਿਆ ਕਿ ਉਹ ਕਿੱਥੇ ਜਾ ਰਹੇ ਹਨ।
ਸੰਗਰੂਰ ਨੇੜਲੇ ਪੁਲਸ ਟਰੇਨਿੰਗ ਸੈਂਟਰ ਲੱਡਾ ਕੋਠੀ ਵਿਖੇ ਕਈ ਜ਼ਿਲ੍ਹਿਆਂ ਤੋਂ ਪੁਲਸ ਫੋਰਸ ਇਕੱਠੀ ਕੀਤੀ ਗਈ, ਜਿਹੜੀ ਸ਼ਾਮ ਨੂੰ ਕਿਸਾਨ ਮੋਰਚਿਆਂ ਵੱਲ ਰਵਾਨਾ ਹੋ ਗਈ। ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਪੁਲਸ ਦੀ ਤਾਕਤ ਨਾਲ ਖਦੇੜਨ ਦਾ ਖਦਸ਼ਾ ਜਤਾਇਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੋਸ਼ਲ ਮੀਡੀਆ ਵੀਡੀਓ ਜਾਰੀ ਕਰ ਕੇ ਮਾਲਵੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਖਨੌਰੀ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ, ਕਿਉਂਕਿ ਉਹ ਜਿੱਤੀ ਬਾਜ਼ੀ ਹਾਰਨਾ ਨਹੀਂ ਚਾਹੁੰਦੇ। ਉਨ੍ਹਾ ਦੱਸਿਆ ਕਿ ਲੱਡਾ ਕੋਠੀ ਵਿਖੇ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਦੀ ਪੁਲਸ ਫੋਰਸ ਇਕੱਠੀ ਕੀਤੀ ਗਈ ਹੈ ਅਤੇ ਕਿਸੇ ਵੀ ਸਮੇਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਖਦੇੜਨ ਲਈ ਹਮਲਾ ਹੋ ਸਕਦਾ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ ਅਤੇ ਤਿੰਨ ਕੇਂਦਰੀ ਮੰਤਰੀਆਂ ਦਰਮਿਆਨ ਚੰਡੀਗੜ੍ਹ ’ਚ ਤੀਜੇ ਗੇੜ ਦੀ ਗੱਲਬਾਤ ਹੋਈ। ਅਗਲੇ ਗੇੜ ਦੀ ਮੀਟਿੰਗ 4 ਮਈ ਨੂੰ ਹੋਵੇਗੀ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਇਹ ਜਾਣਕਾਰੀ ਦਿੱਤੀ।
ਕੇਂਦਰੀ ਮੰਤਰੀ ਮੀਟਿੰਗ ਮਗਰੋਂ ਵਾਪਸ ਚਲੇ ਗਏ ਹਨ ਅਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੰਤਰੀਆਂ ਨਾਲ ਪੰਜਾਬ ਨਾਲ ਸੰਬੰਧਤ ਮੁੱਦਿਆਂ ’ਤੇ ਚਰਚਾ ਕੀਤੀ। ਕੇਂਦਰੀ ਮੰਤਰੀਆਂ ਨਾਲ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਨਤੀਜਾ ਰਹੀ। ਕਿਸਾਨ ਜਥੇਬੰਦੀਆਂ ਵੱਲੋਂ ਰੱਖੇ ਮੁੱਦਿਆਂ ’ਤੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਬਾਕੀ ਰਾਜਾਂ ਨਾਲ ਵੀ ਇਸ ਬਾਰੇ ਚਰਚਾ ਕਰਨਗੇ। ਹਾਲਾਂਕਿ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਈ ਦੱਸੀ ਗਈ, ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਹੁਣ ਤੱਕ ਹੋਈ ਗੱਲਬਾਤ ਤੋਂ ਜਾਪਦਾ ਹੈ ਕਿ ਦੋਵੇ ਧਿਰਾਂ ਆਪੋ-ਆਪਣੇ ਸਟੈਂਡ ’ਤੇ ਕਾਇਮ ਹਨ। ਜਥੇਬੰਦੀਆਂ ਨੇ ਕਿਸਾਨੀ ਦੇ ਲਾਗਤ ਮੁੱਲ ’ਤੇ ਤਰਕ ਪੇਸ਼ ਕੀਤੇ। ਦੂਜੇ ਕੇਂਦਰੀ ਮੰਤਰੀ ਕਿਸਾਨਾਂ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦੇ ਵੇਰਵੇ ਪੇਸ਼ ਕਰਦੇ ਰਹੇ। ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ 28 ਨੁਮਾਇੰਦੇ ਅਤੇ ਤਿੰਨ ਕੇਂਦਰੀ ਮੰਤਰੀਆਂ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਖੁਰਾਕ ਤੇ ਖਪਤਕਾਰ ਮਾਮਲੇ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਾਮਲ ਹੋਏ, ਜਦੋਂਕਿ ਵਿੱਤ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਕੀਤੀ। ਬੈਠਕ ਵਿਚ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਤੋਂ ਪਹਿਲਾਂ 22 ਫਰਵਰੀ ਨੂੰ ਦੂਜੇ ਗੇੜ ਦੀ ਬੈਠਕ ਦੌਰਾਨ ਕਿਸਾਨਾਂ ਨੇ ਆਪਣੀ ਰਾਏ ਰੱਖੀ ਸੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦੀ ਹੈ। ਕੇਂਦਰੀ ਟੀਮ ਨੇ ਹਾਲਾਂਕਿ ਉਦੋਂ ਅੰਕੜਿਆਂ ਨੂੰ ਲੈ ਕੇ ਆਪਣੇ ਸ਼ੰਕੇ ਪ੍ਰਗਟਾਏ ਸਨ, ਜਿਸ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਅੰਕੜਿਆਂ ਦੇ ਸਰੋਤਾਂ ਦੇ ਨਾਲ ਇੱਕ ਤਫ਼ਸੀਲੀ ਰਿਪੋਰਟ ਪੇਸ਼ ਕੀਤੀ ਸੀ। ਕਿਸਾਨ-ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਬੈਠਕ ਤੋਂ ਪਹਿਲਾਂ ਕਿਹਾ ਸੀ ਕਿ ਸਾਨੂੰ ਉਮੀਦ ਹੈ ਕਿ ਕੇਂਦਰੀ ਟੀਮ ਸਾਡੀਆਂ 12 ਮੰਗਾਂ ਪੂਰੀਆਂ ਕਰੇਗੀ, ਜਿਨ੍ਹਾਂ ਵਿੱਚ ਸਾਰੀਆਂ ਫਸਲਾਂ ’ਤੇ ਐੱਮ ਐੱਸ ਪੀ ਲਈ ਕਾਨੂੰਨੀ ਗਰੰਟੀ, ਫਸਲ ਬੀਮਾ ਯੋਜਨਾ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ ਸ਼ਾਮਲ ਹਨ।