ਮਰਦਮਸ਼ੁਮਾਰੀ ਦਾ ਵਿਰੋਧ ਰਾਸ਼ਟਰ-ਵਿਰੋਧੀ ਮਾਨਸਿਕਤਾ : ਰਾਹੁਲ ਗਾਂਧੀ

0
22

ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਨੂੰ ਦੇਸ਼ ਵਿੱਚ ਨਾਬਰਾਬਰੀਆਂ ਨੂੰ ਦੂਰ ਕਰਨ ਦਾ ਇੱਕ ਅਹਿਮ ਕਦਮ ਦੱਸਿਆ ਹੈ। ਉਨ੍ਹਾ ਕਿਹਾ ਕਿ ਇਹ ਮਰਦਮਸ਼ੁਮਾਰੀ ਭਾਰਤ ਦੀ ਸਿੱਖਿਆ, ਸਿਹਤ, ਰਾਜਨੀਤੀ ਅਤੇ ਨੌਕਰਸ਼ਾਹੀ ਦੇ ਪ੍ਰਭਾਵਸ਼ਾਲੀ ਕੰਟਰੋਲ ਦੀ ਸੱਚਾਈ ਦਾ ਖੁਲਾਸਾ ਕਰੇਗੀ।
ਰਾਹੁਲ ਗਾਂਧੀ ਨੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ ਜੀ ਸੀ) ਦੇ ਸਾਬਕਾ ਚੇਅਰਮੈਨ ਡਾ. ਸੁਖਦੇਵ ਥੋਰਾਟ ਨਾਲ ਜਾਤੀਗਤ ਜਨਗਣਨਾ ਦੀ ਲੋੜ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾ ਸਵਾਲ ਉਠਾਇਆ ਕਿ “ਲੋਕ ਜਾਤੀਗਤ ਜਨਗਣਨਾ ਦੇ ਖਿਲਾਫ ਕਿਉਂ ਹਨ? ਉਨ੍ਹਾਂ ਨੂੰ ਇਸ ਵਿਚ ਕੀ ਸਮੱਸਿਆ ਹੈ? ਰਾਹੁਲ ਗਾਂਧੀ ਨੇ ਇਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਸਿੱਖਿਆ, ਸਿਹਤ, ਰਾਜਨੀਤਿਕ ਅਤੇ ਨੌਕਰਸ਼ਾਹੀ ਤੰਤਰ ’ਤੇ ਇੱਕ ਵਿਸ਼ੇਸ਼ ਵਰਗ ਦਾ ਕਬਜ਼ਾ ਹੈ। ਜਾਤੀਗਤ ਜਨਗਣਨਾ ਤੋਂ ਇਹ ਸਪੱਸ਼ਟ ਹੋਵੇਗਾ ਕਿ ਕੌਣ ਕਿਸ ਸੰਸਥਾ ਨੂੰ ਕਾਬੂ ਕਰ ਤੇ ਚਲਾ ਰਿਹਾ ਹੈ ਅਤੇ ਕਿਸ ਨੂੰ ਕਿਹੜੇ ਅਧਿਕਾਰ ਮਿਲ ਰਹੇ ਹਨ। ਉਨ੍ਹਾ ਨੇ ਇਸਨੂੰ ਇਕ ਰਾਸ਼ਟਰਵਾਦੀ ਕੋਸ਼ਿਸ਼ ਦੱਸਦਿਆਂ ਕਿਹਾ, ‘‘ਜੇ ਕੋਈ ਜਾਤੀਗਤ ਜਨਗਣਨਾ ਦਾ ਸਮਰਥਨ ਨਹੀਂ ਕਰਦਾ, ਤਾਂ ਉਹ ਸੱਚਾਈ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਹ ਰਾਸ਼ਟਰ ਵਿਰੋਧੀ ਮਾਨਸਿਕਤਾ ਦਿਖਾਉਂਦਾ ਹੈ।’’
ਰਾਹੁਲ ਗਾਂਧੀ ਨੇ ਕਿਹਾ ਕਿ ਓ ਬੀ ਸੀ, ਦਲਿਤ ਅਤੇ ਆਦਿਵਾਸੀਆਂ ਦੇ ਇਤਿਹਾਸ ਨੂੰ ਯੋਜਨਾਬੱਧ ਤੌਰ ’ਤੇ ਮਿਟਾਇਆ ਗਿਆ ਹੈ। ਉਨ੍ਹਾ ਨੇ ਕਿਹਾ ਕਿ ਸਾਡੇ ਸਕੂਲਾਂ ਵਿੱਚ ਇਸ ਵਰਗ ਦੇ ਯੋਗਦਾਨ ਦੀ ਚਰਚਾ ਨਹੀਂ ਹੁੰਦੀ। ਦਿੱਲੀ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਉੱਚ ਜਾਤੀ ਦੇ ਬੱਚੇ ਇਸ ਇਤਿਹਾਸ ਤੋਂ ਅਣਜਾਣ ਹਨ, ਇਸ ਲਈ ਉਹ ਭੇਦਭਾਵ ਨੂੰ ਨਹੀਂ ਦੇਖ ਪਾਉਂਦੇ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਆਰ ਐੱਸ ਐੱਸ ਅਤੇ ਭਾਜਪਾ ਇਨ੍ਹਾਂ ਸਮੂਹਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਾਹੁਲ ਗਾਂਧੀ ਨੇ ਮੈਰਿਟ (ਯੋਗਤਾ) ਦੀ ਧਾਰਨਾ ਨੂੰ ਗਲਤ ਦੱਸਿਆ। ਉਨ੍ਹਾ ਨੇ ਕਿਹਾ, “ਭਾਰਤ ਵਿਚ ਸਮਾਜਿਕ ਸਥਿਤੀ ਅਤੇ ਯੋਗਤਾ ਨੂੰ ਇੱਕ ਹੀ ਮੰਨਿਆ ਜਾਂਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਅਤੇ ਨੌਕਰਸ਼ਾਹੀ ਦੀ ਦਾਖਲਾ ਪ੍ਰਣਾਲੀ ਦਲਿਤਾਂ, ਓ ਬੀ ਸੀ ਅਤੇ ਆਦਿਵਾਸੀਆਂ ਲਈ ਨਿਰਪੱਖ ਨਹੀਂ ਹੈ।”ਰਾਹੁਲ ਗਾਂਧੀ ਨੇ ਭਾਜਪਾ ’ਤੇ ਓ ਬੀ ਸੀ ਅਤੇ ਦਲਿਤਾਂ ਨੂੰ ਦਿਖਾਵਟੀ ਪ੍ਰਤਿਨਿਧੀਕਰਨ ਦੇਣ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਭਾਜਪਾ ਇਨ੍ਹਾਂ ਸਮੂਹਾਂ ਨੂੰ ਵਿਧਾਇਕ ਅਤੇ ਸਾਂਸਦ ਬਣਨ ਦਾ ਮੌਕਾ ਦਿੰਦੀ ਹੈ, ਪਰ ਅਸਲ ਤਾਕਤ ਨੌਕਰਸ਼ਾਹੀ, ਕਾਰਪੋਰੇਟ ਇੰਡੀਆ ਅਤੇ ਖੁਫ਼ੀਆ ਏਜੰਸੀਜ਼ ਵਿੱਚ ਕੇਂਦਰਤ ਰਹਿੰਦੀ ਹੈ।
ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਦੇ ਵਿਰੋਧ ’ਤੇ ਸਵਾਲ ਉਠਾਉਂਦਿਆਂ ਕਿਹਾ, “ਅਸੀਂ ਸਿਰਫ ਸੱਚਾਈ ਦਾ ਖੁਲਾਸਾ ਕਰ ਰਹੇ ਹਾਂ, ਫਿਰ ਲੋਕ ਇਸਦੇ ਖਿਲਾਫ ਕਿਉਂ ਹਨ? ਉਹ ਸਿੱਧਾ ਕਹਿੰਦੇ ਹਨ ਕਿ ਇਸ ਸੱਚਾਈ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੀਦਾ।” ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਨੂੰ ਹੋਰ ਵਿਸ਼ਾਲ, ਡੂੰਘਾ ਅਤੇ ਵਿਗਿਆਨਕ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।