ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਪੰਜਾਬ ਪੁਲਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਹੈ। ਕਿਸਾਨ ਆਗੂ ਨੂੰ ਮੁੜ ਪਟਿਆਲਾ ਲੈ ਕੇ ਆਉਣ ਦੇ ਸੂੂਬਾ ਸਰਕਾਰ ਦੇ ਫੈਸਲੇ ਨੇ ਕਈਆਂ ਨੂੰ ਹੈਰਾਨ ਕੀਤਾ ਹੈ, ਕਿਉਂਕਿ ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਲਾਏ ਪੱਕੇ ਮੋਰਚਿਆਂ ਦੌਰਾਨ ਪਟਿਆਲਾ ਕੇਂਦਰੀ ਧੁਰਾ ਰਿਹਾ ਹੈ। ਇਸ ਨਿੱਜੀ ਹਸਪਤਾਲ ਦਾ ਪ੍ਰਸ਼ਾਸਨਕ ਕੰਮਕਾਜ ਪੰਜਾਬ ਪੁਲਸ ਦੇ ਸੇਵਾਮੁਕਤ ਅਧਿਕਾਰੀ ਵੱਲੋਂ ਚਲਾਇਆ ਜਾ ਰਿਹਾ ਹੈ। ਡੱਲੇਵਾਲ, ਜਿਨ੍ਹਾ ਦਾ ਮਰਨ ਵਰਤ ਐਤਵਾਰ 118ਵੇਂ ਦਿਨ ਵਿੱਚ ਦਾਖਲ ਹੋ ਗਿਆ, ਨੂੰ ਨਿੱਜੀ ਹਸਪਤਾਲ ’ਚ ਤਬਦੀਲ ਕਰਨ ਤੋਂ ਕਿਸਾਨ ਯੂਨੀਅਨਾਂ ਦੇ ਮੈਂਬਰ ਵੀ ਹੈਰਾਨ ਹਨ।
ਸੀਨੀਅਰ ਹਮਾਸ ਆਗੂ ਸਣੇ 19 ਫਲਸਤੀਨੀ ਮਾਰੇ ਗਏ
ਡੀਰ ਅਲ ਬਲਾਹ (ਗਾਜ਼ਾ ਪੱਟੀ)-ਇਜ਼ਰਾਈਲ ਵੱਲੋਂ ਸਨਿੱਚਰਵਾਰ ਅੱਧੀ ਰਾਤ ਨੂੰ ਗਾਜ਼ਾ ਵਿੱਚ ਕੀਤੇ ਹਵਾਈ ਹਮਲਿਆਂ ’ਚ ਹਮਾਸ ਦੇ ਸੀਨੀਅਰ ਸਿਆਸੀ ਆਗੂ ਤੇ ਉਸ ਦੀ ਪਤਨੀ ਸਮੇਤ 19 ਫਲਸਤੀਨੀ ਮਾਰੇ ਗਏ। ਉਧਰ ਯਮਨ ਵਿੱਚ ਈਰਾਨ ਹਮਾਇਤੀ ਬਾਗ਼ੀਆਂ, ਜੋ ਹਮਾਸ ਨਾਲ ਜੁੜੇ ਹੋਏ ਹਨ, ਨੇ ਇਜ਼ਰਾਈਲ ਵੱਲ ਇਕ ਹੋਰ ਮਿਜ਼ਾਈਲ ਦਾਗੀ ਹੈ। ਇਜ਼ਰਾਈਲੀ ਫੌਜ ਨੇ ਹਾਲਾਂਕਿ ਮਿਜ਼ਾਈਲ ਨੂੰ ਰਸਤੇ ਵਿਚ ਹੀ ਫੁੰਡਣ ਦਾ ਦਾਅਵਾ ਕਰਦਿਆਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਣ ਦਾ ਦਾਅਵਾ ਕੀਤਾ ਹੈ। ਹਮਾਸ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਖਾਨ ਯੂਨਿਸ ਦੇ ਦੱਖਣੀ ਸ਼ਹਿਰ ਨੇੜੇ ਕੀਤੇ ਹਵਾਈ ਹਮਲੇ ਵਿੱਚ ਉਸ ਦੀ ਪੋਲੀਟੀਕਲ ਬਿਊਰੋ ਤੇ ਫਲਤਸੀਨੀ ਸੰਸਦ ਦਾ ਮੈਂਬਰ ਸਲਾਹ ਬਾਰਦਾਵਿਲ ਤੇ ਉਸ ਦੀ ਪਤਨੀ ਮਾਰੇ ਗਏ।
ਪਿਆਜ਼ ’ਤੇ ਬਰਾਮਦਗੀ ਟੈਕਸ ਖਤਮ
ਨਵੀਂ ਦਿੱਲੀ : ਸਰਕਾਰ ਨੇ ਪਹਿਲੀ ਅਪਰੈਲ ਤੋਂ ਪਿਆਜ਼ ’ਤੇ 20 ਫੀਸਦੀ ਬਰਾਮਦ ਟੈਕਸ ਨੂੰ ਵਾਪਸ ਲੈ ਲਿਆ ਹੈ। ਖਪਤਕਾਰ ਮਾਮਲੇ ਵਿਭਾਗ ਤੋਂ ਪੱਤਰ ਮਿਲਣ ਮਗਰੋਂ ਮਾਲ ਵਿਭਾਗ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।




