ਬਨੇਗਾ ਵਲੰਟੀਅਰਾਂ ਨੇ ‘ਬਨੇਗਾ ਵਲੰਟੀਅਰ ਮਨੁੱਖੀ ਕੜੀ’ ਬਣਾਈ

0
10

ਹੁਸੈਨੀਵਾਲਾ/ਫਿਰੋਜ਼ਪੁਰ (ਰਣਬੀਰ ਕੌਰ ਢਾਬਾਂ)
23 ਮਾਰਚ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਐਤਵਾਰ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ, ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000/, ਅਰਧ -ਸਿੱਖਿਅਤ ਨੂੰ 35,000/, ਸਿੱਖਿਅਤ ਨੂੰ 45,000 ਅਤੇ ਉੱਚ-ਸਿੱਖਿਅਤ ਨੂੰ 60,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਹੋਵੇ ਅਤੇ ਜੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਹੋਵੇ, ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ‘ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ’, ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਇਥੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਸਮਾਰਕ ’ਤੇ ਸਿਜਦਾ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਬਨੇਗਾ ਟੀ-ਸ਼ਰਟ ਪਹਿਨੇ ਬਨੇਗਾ ਵਲੰਟੀਅਰਾਂ ਵੱਲੋਂ ‘ਬਨੇਗਾ ਵਲੰਟੀਅਰ ਮਨੁੱਖੀ ਕੜੀ’ ਬਣਾਈ ਗਈ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਸੰਬੰਧਤ ਦੁਵਰਕੀ ਵੰਡ ਕੇ ਪ੍ਰਚਾਰ ਕੀਤਾ ਗਿਆ।
ਪ੍ਰੋਗਰਾਮ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਨੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਤੇ ਜਗਵਿੰਦਰ ਕਾਕਾ ਨੇ ਕੀਤੀ। ਇਸ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਅੱਜ ਵੀ ਸਾਡੇ ਲਈ ਰਾਹ-ਦਸੇਰਾ ਹੈ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਸਾਨੂੰ ਇਹਨਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਅਗਵਾਈ ਲੈਣੀ ਚਾਹੀਦੀ ਹੈ। ਉਹਨਾ ਕਿਹਾ ਕਿ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇ 95 ਸਾਲ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਜੇ ਅਧੂਰੇ ਹਨ। ਸਮੇਂ ਸਮੇਂ ਦੇਸ਼ ਵਿੱਚ ਬਣੀਆਂ ਸਰਕਾਰਾਂ ਨੇ ਫੁੱਲ-ਮਲਾਵਾਂ ਤੋਂ ਇਲਾਵਾ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ, ਸਗੋਂ ਇਹਨਾਂ ਦਾ ਨਾਂਅ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਨੌਜਵਾਨਾਂ ਦੇ ਸੂਬਾਈ ਆਗੂ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਰਾਹੀਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਪ੍ਰਣ ਕੀਤਾ ਹੋਇਆ ਹੈ ਅਤੇ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ।
ਇਸ ਮੌਕੇ ਵਿਦਿਆਰਥੀਆਂ ਦੇ ਸੂਬਾ ਸਕੱਤਰ ਸੁਖਵਿੰਦਰ ਮਲੋਟ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਅੱਜ ਤੋਂ 11 ਸਾਲ ਪਹਿਲਾਂ ਇਸੇ ਇਤਿਹਾਸਕ ਸਥਾਨ ਤੋਂ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ) ਦੀ ਸ਼ੁਰੂਆਤ ਕੀਤੀ ਗਈ, ਜਿਸ ਨੇ ਥੋੜੇ੍ਹ ਜਿਹੇ ਸਮੇਂ ਵਿੱਚ ਹੀ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਬਨੇਗਾ ਪ੍ਰੋਗਰਾਮ ਨੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਜਵਾਨੀ ਲਈ ਉਮੀਦ ਜਗਾਈ ਹੈ। ਉਹਨਾ ਕਿਹਾ ਕਿ ਅੱਜ ਬਨੇਗਾ ਵਲੰਟੀਅਰਾਂ ਵੱਲੋਂ ਬਣਾਈ ਇਹ ਮਨੁੱਖੀ ਕੜੀ ਹਰ ਇੱਕ ਬੇਰੁਜ਼ਗਾਰ ਨੂੰ ਸੱਦਾ ਦਿੰਦੀ ਹੈ ਕਿ ਬੇਰੁਜ਼ਗਾਰੀ ਅਤੇ ਮੁਸ਼ਕਲਾਂ ਦੀ ਲੰਮੀ ਕੜੀ ਨੂੰ ਤੋੜਨ ਲਈ ਸਾਂਝੇ ਹਿੱਤਾਂ ਦੇ ਹੱਥਾਂ ’ਚ ਹੱਥ ਪਾ ਕੇ ਮਜ਼ਬੂਤ ਕਦੇ ਨਾ ਟੁੱਟਣ ਵਾਲੀ ਮਨੁੱਖੀ ਕੜੀ ਸਮੇਂ ਦੀ ਅਨਸਰਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਰੁਜ਼ਗਾਰ ਅਤੇ 6 ਘੰਟੇ ਦੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਹਰ ਮਹੀਨੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਤਹਿਸੀਲ ਦਫਤਰਾਂ ਅੱਗੇ ਮਹੀਨਾਵਾਰ ਬਨੇਗਾ ਐਕਸ਼ਨ ਡੇਅ ਕੀਤਾ ਜਾ ਰਿਹਾ ਹੈ, ਜੋ ਹੁਣ 28 ਮਾਰਚ ਨੂੰ ਕੀਤਾ ਜਾਣਾ ਹੈ ਅਤੇ ਇਹ ਐਕਸ਼ਨ ਜਿੱਤ ਪ੍ਰਾਪਤੀ ਤੱਕ ਜਾਰੀ ਰਹੇਗਾ। ਆਗੂਆਂ ਨੇ ਸਮੂਹਿਕ ਰੂਪ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਅੱਤਿਆਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਪਾਸੇ ਮੀਟਿੰਗ ਲਈ ਸੱਦਾ ਦੇ ਕੇ ਦੂਜੇ ਪਾਸੇ ਕਿਸਾਨਾਂ ਨੂੰ ਜਬਰੀ ਮੋਰਚੇ ਤੋਂ ਗਿ੍ਰਫਤਾਰ ਕਰਕੇ ਵਿਸ਼ਵਾਸਘਾਤ ਕੀਤਾ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨਾ ਚਾਹੀਦਾ ਹੈ ਅਤੇ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।
ਆਗੂਆਂ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਖਿਲਾਫ ਮੁਹਿੰਮ ’ਤੇ ਸ਼ੱਕ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਰੋਕਣ ਦੀ ਆੜ ਵਿੱਚ ਨਜਾਇਜ਼ ਉਜਾੜਾ ਕੀਤਾ ਜਾ ਰਿਹਾ ਹੈ, ਜੋ ਗਲਤ ਹੈ। ਆਗੂਆਂ ਕਿਹਾ ਕਿ ਇਹ ਮੁਹਿੰਮ ਤਾਂ ਹੀ ਸਾਰਥਕ ਹੈ, ਜੇਕਰ ਨਸ਼ੇ ਨੂੰ ਵੱਡੇ ਪੱਧਰ ’ਤੇ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਉਹਨਾਂ ਸ਼ੱਕ ਪ੍ਰਗਟ ਕਰਦਿਆਂ ਕਿਹਾ ਇਸ ਮੁਹਿੰਮ ਵਿੱਚ ਸਿਰਫ ਨਸ਼ੇ ਦੇ ਆਦੀ ਲੋਕਾਂ ’ਤੇ ਹੀ ਕਾਰਵਾਈ ਹੋ ਰਹੀ ਹੈ, ਮੁੱਖ ਸਰਗਨੇ ਅਜੇ ਵੀ ਸ਼ਰੇਆਮ ਆਪਣਾ ਕਾਰੋਬਾਰ ਕਰ ਰਹੇ ਹਨ। ਹੋਰਨਾਂ ਤੋਂ ਇਲਾਵਾ ਬੋਹੜ ਬੁੱਟਰ, ਇੰਦਰਜੀਤ ਦੀਨਾ, ਸੁੱਖ ਮਹੇਸਰੀ, ਰਾਜੂ ਮਹੇਸਰੀ, ਲਵਪ੍ਰੀਤ ਬੱਧਨੀ, ਵੀਨਾ ਰਾਣੀ ਛਾਂਗਾ ਰਾਏ, ਚਰਨਜੀਤ ਸਿੰਘ ਚਮੇਲੀ, ਅੰਜੂ ਰਾਜੋਵਾਲਾ, ਕੁਲਵਿੰਦਰ ਰੁਮਾਣਾ, ਗੁਰਚਰਨ ਢਿੱਲਵਾਂ, ਕੁਲਬੀਰ ਮਹੇਸਰੀ, ਪਰਮਜੀਤ ਵਿੱਕੀ ਮੋਗਾ, ਪਰਮਿੰਦਰ ਰਹਿਮੇਸ਼ਾਹ, ਸੰਦੀਪ ਜੋਧਾ, ਗੁਰਭੇਜ ਸਿੰਘ ਮੁਕਤਸਰ, ਸਟਾਲਿਨ ਲਮੋਚੜ, ਧਰਮਿੰਦਰ ਰਹਿਮੇਸ਼ਾਹ, ਸੁਰਿੰਦਰ ਬਾਹਮਣੀ, ਅਸ਼ੋਕ ਢਾਬਾਂ ਤੇ ਰਾਜੂ ਛਿੱਲੀਆਂ ਆਦਿ ਨੇ ਵੀ ਸ਼ਮੂਲੀਅਤ ਕੀਤੀ।