ਖਟਕੜ ਕਲਾਂ/ਸ਼ਹੀਦ ਭਗਤ ਸਿੰਘ ਨਗਰ (ਕੁਲਵਿੰਦਰ ਸਿੰਘ ਦੁਰਗਾਪੁਰੀਆ/ਅਵਤਾਰ ਕਲੇਰ/ ਮਨੋਜ ਲਾਡੀ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸੁਪਨੇ ਸਾਕਾਰ ਕਰਨ ਲਈ ਦਿ੍ਰੜ੍ਹਤਾ ਨਾਲ ਯਤਨ ਕਰ ਰਹੀ ਹੈ।ਉਨ੍ਹਾ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸੀ ਸਮਾਗਮ ਨਹੀਂਂ, ਸਗੋਂ ਅੱਜ ਦਾ ਇਹ ਅਹਿਮ ਮੌਕਾ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ, ਜਿਨ੍ਹਾਂ ਆਪਣੀ ਮਾਤ ਭੂਮੀ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਹੱਥ ਸੱਤਾ ਦੀ ਵਾਗਡੋਰ ਆਈ, ਉਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਤੋਂ ਵੀ ਵੱਧ ਬੇਰਹਿਮੀ ਨਾਲ ਸਰਕਾਰੀ ਖਜ਼ਾਨੇ ਨੂੰ ਲੁੱਟਿਆ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਰੂਹਾਂ ਉਦੋਂ ਕੁਰਲਾ ਉਠੀਆਂ ਹੋਣਗੀਆਂ, ਜਦੋਂ ਉਹ ਵੱਡੇ ਅਫਸਰਾਂ ਅਤੇ ਜੱਜਾਂ ਦੇ ਘਰਾਂ ਤੋਂ ਭਾਰੀ ਮਾਤਰਾ ਵਿੱਚ ਨਗਦੀ ਬਰਾਮਦ ਹੁੰਦੇ ਵੇਖਦੇ ਹਨ।ਮਾਨ ਨੇ ਕਿਹਾ ਕਿ ਅਜਿਹੇ ਦਾਗੀ ਲੋਕਾਂ ਤੋਂ ਇਨਸਾਫ਼ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ, ਜਿਨ੍ਹਾਂ ਗਲਤ ਤਰੀਕਿਆਂ ਨਾਲ ਵੱਡੀ ਦੌਲਤ ਇਕੱਠੀ ਕੀਤੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਮਹਾਨ ਸ਼ਹੀਦ ਦੇ ਪਰਵਾਰਕ ਮੈਂਬਰਾਂ ਨੂੰ ਸਨਮਾਨਤ ਕੀਤਾ।ਇਸ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਸ਼ਹੀਦ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਸਮਾਧੀ ’ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ।
ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਦਾ ਨੀਂਹ ਪੱਥਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਐਤਵਾਰ ਨੀਂਹ ਪੱਥਰ ਰੱਖਿਆ। ਇਸ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਿਆ ਗਿਆ ਅਤੇ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੈ।ਇਹ ਦੋਆਬਾ ਖੇਤਰ ਵਿੱਚ ਤੀਜਾ ਮੈਡੀਕਲ ਕਾਲਜ ਹੈ, ਕਿਉਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ। ਇਸ ਕਾਲਜ ਵਿੱਚ ਐੱਮ ਬੀ ਬੀ ਐੱਸ ਦੀਆਂ 50 ਸੀਟਾਂ ਹੋਣਗੀਆਂ।





