ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)-ਕਿਸਾਨ ਯੂਨੀਅਨਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਵਿਚਕਾਰ ਪੰਜਾਬ ਪੁਲਸ ਨੇ ਸੋਮਵਾਰ 450 ਹੋਰ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦਾ ਐਲਾਨ ਕੀਤਾ। ਕਿਸਾਨਾਂ ਦਾ ਦੋਸ਼ ਹੈ ਕਿ ਪਿਛਲੇ ਹਫਤੇ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਈ ਕਿਸਾਨ ਅਜੇ ਵੀ ਲਾਪਤਾ ਹਨ। ਕਿਸਾਨ ਯੂਨੀਅਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਲਾਪਤਾ ਕਿਸਾਨਾਂ ਦੀ ਰਿਹਾਈ ਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਗਈ ਸੀ। ਆਈ ਜੀ ਪੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਪੁਸ਼ਟੀ ਕੀਤੀ ਕਿ ਲਗਭਗ 800 ਕਿਸਾਨਾਂ ਨੂੰ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ, ਅਪਾਹਜ ਵਿਅਕਤੀਆਂ, ਡਾਕਟਰੀ ਸਥਿਤੀਆਂ ਵਾਲੇ ਕਿਸਾਨਾਂ ਤੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਆਦਿ ਦੀ ਤੁਰੰਤ ਰਿਹਾਈ ਦੇ ਨਿਰਦੇਸ਼ ਦਿੱਤੇ ਹਨ। ਸੋਮਵਾਰ ਲਗਭਗ 450 ਕਿਸਾਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਗਿੱਲ ਨੇ ਕਿਹਾ ਕਿ ਕਿਸਾਨਾਂ ਦਾ ਸਮਾਨ ਚੁੱਕੇ ਜਾਣ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਐੱਸ ਪੀ ਪਟਿਆਲਾ ਜਸਬੀਰ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਕਿਸਾਨ ਤੁਰੰਤ ਸਹਾਇਤਾ ਲਈ ਉਨ੍ਹਾਂ ਨਾਲ ਸਿੱਧਾ 90713-00002 ’ਤੇ ਸੰਪਰਕ ਕਰ ਸਕਦੇ ਹਨ। ਪਟਿਆਲਾ ਪੁਲਸ ਨੇ ਇਸ ਮਾਮਲੇ ਨਾਲ ਸੰਬੰਧਤ ਤਿੰਨ ਐੱਫ ਆਈ ਆਰ ਦਰਜ ਕਰ ਲਈਆਂ ਹਨ।




