ਮੁੰਬਈ : ਪੁਲਸ ਨੇ ਸੋਮਵਾਰ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਯੁਵਾ ਧੜੇ ਯੁਵਾ ਸੈਨਾ ਦੇ 11 ਮੈਂਬਰਾਂ ਨੂੰ ਹੈਬੀਟੈਟ ਕਾਮੇਡੀ ਸਥਾਨ ਦੀ ਭੰਨਤੋੜ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। ਇਹ ਸਮੂਹ ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਯੂਟਿਊਬ ’ਤੇ ਅਪਲੋਡ ਕੀਤੇ ਗਏ ਆਪਣੇ ਹਾਲ ਹੀ ਦੇ ਕਾਮੇਡੀ ਵਿਸ਼ੇਸ਼ ‘ਨਯਾ ਭਾਰਤ’ ’ਤੇ ਕੀਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਦਾ ਵਿਰੋਧ ਕਰ ਰਿਹਾ ਸੀ।
ਪੁਲਸ ਅਨੁਸਾਰ ਨੌਜਵਾਨ ਸਮੂਹ ਉਸ ਸਮੇਂ ਸਥਾਨ ਦੇ ਅੰਦਰ ਗਿਆ, ਜਦੋਂ ਕਾਮੇਡੀਅਨ ਰਜਤ ਸੂਦ ਦਾ ਲਾਈਵ ਸ਼ੋਅ ਚੱਲ ਰਿਹਾ ਸੀ, ਉਸ ਨੂੰ ਸ਼ੋਅ ਰੋਕਣ ਲਈ ਮਜਬੂਰ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਸ਼ਿਵ ਸੈਨਾ ਨੇ ਕਾਮਰਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ’ਤੇ ਸਖਤ ਇਤਰਾਜ਼ ਜਤਾਇਆ ਹੈ।
ਕਾਮਰਾ ਨੇ ਸ਼ਿੰਦੇ ਨੂੰ ਗ਼ੱਦਾਰ ਕਹਿ ਕੇ ਦਿਲ ਤੋਂ ਪਾਗਲ ਹੈ ਫਿਲਮ ਦੇ ਗਾਣੇ ਦੀ ਪੈਰੋਡੀ ਗਾਈ ਸੀ। ਇਸ ਵਿੱਚ 2022 ਵਿੱਚ ਸ਼ਿੰਦੇ ਵੱਲੋਂ ਆਪਣੇ ਪ੍ਰਧਾਨ ਊਧਵ ਠਾਕਰੇ ਵਿਰੁੱਧ ਬਗਾਵਤ ਦਾ ਜ਼ਿਕਰ ਸੀ।
ਇਸ ਦੌਰਾਨ ਮਹਾਰਾਸ਼ਟਰ ਵਿੱਚ ਵਿਰੋਧੀ ਗੱਠਜੋੜ ਨੇ ਕਾਨੂੰਨ ਵਿਵਸਥਾ ਦੇ ਵਿਗੜਨ ਲਈ ਮਹਾਯੁਤੀ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਸ਼ਿਵ ਸੈਨਾ (ਯੂ ਬੀ ਟੀ) ਦੇ ਅਰਵਿੰਦ ਸਾਵੰਤ ਨੇ ਕਿਹਾ ਹੈ ਕਿ ਕਾਮਰਾ ਵੱਲੋਂ ਬੋਲਿਆ ਗਿਆ ਹਰ ਸ਼ਬਦ ਸਹੀ ਹੈ। ਸ਼ਿੰਦੇ ਸੈਨਾ ਦੇ ਸੰਜੇ ਨਿਰੂਪਮ ਨੇ ਦੋਸ਼ ਲਗਾਇਆ ਕਿ ਜਿਸ ਥਾਂ ’ਤੇ ਇਹ ਸ਼ੋਅ ਰਿਕਾਰਡ ਕੀਤਾ ਗਿਆ ਸੀ, ਉਸ ਦੀ ਬੁਕਿੰਗ ਦਾ ਪੈਸਾ ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਤੋਂ ਆਇਆ ਸੀ ਅਤੇ ਇਸੇ ਲਈ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾ ਅੱਗੇ ਦੋਸ਼ ਲਗਾਇਆ ਕਿ ਕਾਮਰਾ ‘ਰਾਹੁਲ ਗਾਂਧੀ ਅਤੇ ਕਾਂਗਰਸ ਈਕੋ ਸਿਸਟਮ’ ਦਾ ਹਿੱਸਾ ਹੈ। ਪੁਲਸ ਨੇ ਕੁਨਾਲ ਕਾਮਰਾ ਖਿਲਾਫ ਵੀ ਕੇਸ ਦਰਜ ਕੀਤਾ ਹੈ। ਇਹੀ ਨਹੀਂ, ਪੁਲਸ ਨੇ ਸ਼ਿਵ ਸੈਨਾ ਦੇ ਉਨ੍ਹਾਂ 40 ਵਰਕਰਾਂ ਖਿਲਾਫ ਵੀ ਕੇਸ ਦਰਜ ਕੀਤਾ ਹੈ, ਜਿਨ੍ਹਾਂ ਮੁੰਬਈ ਦੇ ਖਾਰ ਇਲਾਕੇ ਵਿਚ ਹੈਬੀਟੈਟ ਸਟੂਡੀਓ ਤੇ ਹੋਟਲ ਦੀ ਕਥਿਤ ਭੰਨਤੋੜ ਕੀਤੀ। ਦਾਅਵਾ ਕੀਤਾ ਜਾਂਦਾ ਹੈ ਕਿ ਕਾਮਰਾ ਦਾ ਸ਼ੋਅ ‘ਗੱਦਾਰ’ ਇਸੇ ਸਟੂਡੀਓ ਵਿੱਚ ਫਿਲਮਾਇਆ ਗਿਆ ਸੀ, ਜਿਸ ਵਿੱਚ ਸ਼ਿੰਦੇ ਖਿਲਾਫ ਕਥਿਤ ਟਿੱਪਣੀਆਂ ਕੀਤੀਆਂ ਗਈਆਂ ਸਨ। ਪੁਲਸ ਨੇ ਕਿਹਾ ਕਿ ਵੱਡੀ ਗਿਣਤੀ ਸ਼ਿਵ ਸੈਨਾ ਵਰਕਰ ਐਤਵਾਰ ਰਾਤ ਨੂੰ ਹੋਟਲ ਦੇ ਬਾਹਰ ਇਕੱਤਰ ਹੋ ਗਏ। ਉਨ੍ਹਾਂ ਹੋਟਲ ਤੇ ਇਸ ਵਿਚਲੇ ਸਟੂਡੀਓ ਦੀ ਕਥਿਤ ਭੰਨਤੋੜ ਕੀਤੀ। ਕਾਬਿਲੇਗੌਰ ਹੈ ਕਿ ਹੈਬੀਟੈਟ ਸਟੂਡੀਓ ਉਹੀ ਥਾਂ ਹੈ, ਜਿੱਥੇ ਵਿਵਾਦਿਤ ਸ਼ੋਅ ‘ਇੰਡੀਆ’ਜ਼ ਗੌਟ ਲੇਟੈਂਟ’ ਫਿਲਮਾਇਆ ਗਿਆ ਸੀ। ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਨੇ ਕਾਮਰਾ ਖਿਲਾਫ ਸ਼ਿਕਾਇਤ ਦਰਜ ਕਰਾਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 2 ਮਿੰਟ ਦੀ ਵੀਡੀਓ ਵਿੱਚ ਕਾਮਰਾ ਸੱਤਾਧਾਰੀ ਐੱਨ ਸੀ ਪੀ ਤੇ ਸ਼ਿਵ ਸੈਨਾ ਦਾ ਮਖੌਲ ਉਡਾਉਂਦਾ ਨਜ਼ਰ ਆਉਂਦਾ ਹੈ। ਉੱਧਰ, ਬਿ੍ਰਹਨ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਯੂਨੀਕੌਂਟੀਨੈਂਟਲ ਹੋਟਲ ਵਿਖੇ ਹੈਬੀਟੈਟ ਸਟੂਡੀਓ ਨੂੰ ਇਹ ਕਹਿ ਕੇ ਢਾਹੁਣਾ ਸ਼ੁਰੂ ਕਰ ਦਿੱਤਾ ਕਿ ਇਹ ਐਨਕਰੋਚਮੈਂਟ ਕਰਕੇ ਬਣਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਸਟੂਡੀਓ ਦੋ ਹੋਟਲਾਂ ਵਿਚਾਲੇ ਕਬਜ਼ੇ ਕੀਤੀ ਥਾਂ ’ਤੇ ਬਣਾਇਆ ਗਿਆ ਹੈ।