ਨਾਬਾਲਗ ਦੀ ਡਿਜੀਟਲ ਹਰਕਤ ਨੇ ਘਰਦਿਆਂ ਦੇ ਹੋਸ਼ ਉਡਾਏ

0
12

ਮੁਕਤਸਰ : ਲੰਬੀ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਦੇ 13 ਸਾਲਾ ਮੁੰਡੇ ਨੇ ਨਾਨਕੇ ਪਰਵਾਰ ਨੂੰ ਮਿਲਣ ਤੋਂ ਬਚਣ ਲਈ ਇੱਕ ਵੱਡੀ ਚਾਲ ਚਲਾਈ। ਉਸ ਨੇ ਜਾਲ੍ਹੀ ਇੰਸਟਾਗ੍ਰਾਮ ਅਕਾਊਂਟ ਬਣਾਇਆ ਅਤੇ ਪਿਤਾ ਨੂੰ ਫਿਰੌਤੀ ਦਾ ਸੁਨੇਹਾ ਭੇਜਿਆ, ਜਿਸ ਵਿੱਚ 90 ਲੱਖ ਰੁਪਏ, ਫਾਰਚੂਨਰ ਗੱਡੀ, ਬਿਟਕੁਆਇਨ ਦੀ ਮੰਗ ਕੀਤੀ ਗਈ। ਧਮਕੀ-ਭਰੇ ਸੁਨੇਹੇ ਅਤੇ ਕਿਡਨੈਪਿੰਗ ਦੇ ਡਰ ਤੋਂ ਮੁੰਡੇ ਦੇ ਪਿਤਾ ਨੇ ਤੁਰੰਤ ਪੁਲਸ ਨਾਲ ਸੰਪਰਕ ਕੀਤਾ। ਸਾਈਬਰ ਕ੍ਰਾਈਮ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਜਦੋਂ ਡਿਜੀਟਲ ਟਰਾਇਲ ਦੌਰਾਨ ਜਾਂਚ ਸੂਈ ਉਨ੍ਹਾਂ (ਸ਼ਿਕਾਇਤਕਰਤਾ) ਦੇ ਘਰ ਵੱਲ ਮੁੜੀ ਤਾਂ ਜਾਂਚਕਰਤਾ ਹੈਰਾਨ ਰਹਿ ਗਏ। ਪੁੱਛਗਿੱਛ ਕਰਨ ’ਤੇ ਨਾਬਾਲਗ ਨੇ ਆਪਣੇ ਪਿਤਾ ਨੂੰ ਡਰਾਉਣ ਦੀ ਕੋਸ਼ਿਸ਼ ਵਿੱਚ ਇੱਕ ਝੂਠਾ ਧਮਕੀ ਭਰਿਆ ਸੁਨੇਹਾ ਭੇਜਣ ਬਾਰੇ ਇਕਬਾਲ ਕੀਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਮੁੰਡਾ ਆਪਣੇ ਨਾਨਕੇ ਘਰ ਨਹੀਂ ਜਾਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਇਹ ਸੁਨੇਹਾ ਭੇਜਿਆ।
ਮੁਕਤਸਰ ਦੇ ਐੱਸ ਐੱਸ ਪੀ ਅਖਿਲ ਚੌਧਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਡਿਜੀਟਲ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਪਰਵਾਰਕ ਮੁੱਦਿਆਂ ਨੂੰ ਪਹਿਲ ਦੇਣ। ਉਨ੍ਹਾ ਦੱਸਿਆ ਕਿ 19 ਮਾਰਚ ਨੂੰ ਕਬਰਵਾਲਾ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਮੁਕਤਸਰ ਦੇ ਡੀ ਐੱਸ ਪੀ (ਜਾਂਚ) ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜਬਰਨ ਵਸੂਲੀ ਦਾ ਸੁਨੇਹਾ ਸ਼ਿਕਾਇਤਕਰਤਾ ਦੇ ਪਰਵਾਰਕ ਮੈਂਬਰ ਵੱਲੋਂ ਭੇਜਿਆ ਗਿਆ ਸੀ। ਹੁਣ ਤੱਕ ਕੋਈ ਗਿ੍ਰਫਤਾਰੀ ਨਹੀਂ ਹੋਈ।