ਨਵੀਂ ਦਿੱਲੀ : ਸੀ ਬੀ ਆਈ ਨੇ 6000 ਕਰੋੜ ਦੇ ਮਹਾਦੇਵ ਐਪ ਘੁਟਾਲੇ ਦੇ ਸੰਬੰਧ ’ਚ ਬੁੱਧਵਾਰ ਸਵੇਰੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੀ ਰਿਹਾਇਸ਼ ’ਤੇ ਛਾਪੇ ਮਾਰੇ।ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਦੀਆਂ ਟੀਮਾਂ ਨੇ ਰਾਏਪੁਰ ਅਤੇ ਭਿਲਾਈ ’ਚ ਬਘੇਲ ਦੇ ਘਰਾਂ ਦੇ ਨਾਲ-ਨਾਲ ਇੱਕ ਸੀਨੀਅਰ ਪੁਲਸ ਅਧਿਕਾਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਇੱਕ ਕਰੀਬੀ ਸਹਿਯੋਗੀ ਦੇ ਘਰਾਂ ’ਤੇ ਵੀ ਛਾਪਾ ਮਾਰਿਆ।
ਸੀ ਬੀ ਆਈ ਨੇ ਛੱਤੀਸਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ ਓ ਡਬਲਿਊ) ਤੋਂ ਜਾਂਚ ਆਪਣੇ ਹੱਥਾਂ ’ਚ ਲੈ ਲਈ ਹੈ।ਈ ਓ ਡਬਲਿਊ ਨੇ ਪਹਿਲਾਂ ਆਪਣੀ ਐੱਫ ਆਈ ਆਰ ’ਚ ਕਾਂਗਰਸ ਆਗੂ ਬਘੇਲ, ਐਪ ਦੇ ਪ੍ਰਮੋਟਰਾਂ ਰਵੀ ਉੱਪਲ, ਸੌਰਭ ਚੰਦਰਾਕਰ, ਸ਼ੁਭਮ ਸੋਨੀ ਅਤੇ ਅਨਿਲ ਕੁਮਾਰ ਅਗਰਵਾਲ ਅਤੇ 14 ਹੋਰਾਂ ਨੂੰ ਨਾਮਜ਼ਦ ਕੀਤਾ ਸੀ।ਬਘੇਲ ਨੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਦਰਜ ਐੱਫ ਆਈ ਆਰ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ ਸੀ।