ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ 03 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ 12 ਸਾਲਾਂ ਤੋਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕੀਤੀ ਜਾਣ ਵਾਲੀ ਵਿਸ਼ਾਲ ਰੋਸ ਰੈਲੀ ਸੰਬੰਧੀ ਦੱਸਿਆ ਕਿ ਪੰਜਾਬ ਦੇ ਸਮੁੱਚੇ ਮਜ਼ਦੂਰ-ਮੁਲਾਜ਼ਮ ਜਿਹੜੇ ਘੱਟੋ-ਘੱਟ ਉਜਰਤਾਂ ਦੇ ਆਧਾਰ ’ਤੇ ਕੰਮ ਕਰਦੇ ਹਨ ਅਤੇ ਜਿਹਨਾਂ ਦੀ ਕੁੱਲ ਗਿਣਤੀ 30 ਤੋਂ 40 ਲੱਖ ਹੈ, ਉਨ੍ਹਾਂ ਵਿੱਚ 12 ਸਾਲਾਂ ਤੋਂ ਆਪਣੀਆਂ ਉਜਰਤਾਂ ਵਿੱਚ ਸੁਧਾਈ ਨਾ ਕੀਤੇ ਜਾਣ ਕਾਰਨ ਸਰਕਾਰ ਅਤੇ ਲੇਬਰ ਵਿਭਾਗ ਵਿਰੁੱਧ ਭਾਰੀ ਗੁੱਸੇ ਦੀ ਲਹਿਰ ਹੈ, ਕਿਉਕਿ ਮਿਨੀਮਮ ਵੇਜਿਜ਼ ਕਾਨੂੰਨ ਮੁਤਾਬਕ ਹਰ ਪੰਜ ਸਾਲ ਬਾਅਦ ਉਜਰਤਾਂ ਨੂੰ ਸੋਧਿਆ ਜਾਣਾ ਬਣਦਾ ਹੈ, ਪਰ ਅੱਤ ਦੀ ਮਹਿੰਗਾਈ ਅਤੇ ਨਿਗੂਣੀਆਂ ਤਨਖਾਹਾਂ ਕਾਰਨ ਗਰੀਬ ਮੁਲਾਜ਼ਮ-ਮਜ਼ਦੂਰਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਆਮ ਆਦਮੀ ਪਾਰਟੀ ਦੀ ਲੋਕ ਵਿਰੋਧੀ ਸਾਬਤ ਹੋ ਚੁੱਕੀ ਸਰਕਾਰ ਵੱਡੇ ਸਨਅਤਕਾਰਾਂ ਦੀ ਝੋਲੀਚੁੱਕ ਬਣ ਕੇ ਚਲਦੀ ਹੋਈ ਮਜ਼ਦੂਰਾਂ ਦੀਆਂ ਉਜਰਤਾਂ ਜਾਮ ਰੱਖ ਕੇ ਸਨਅਤਕਾਰਾਂ ਦੇ ਮੁਨਾਫਿਆਂ ਵਿੱਚ ਮਜ਼ਦੂਰਾਂ ਦੀਆਂ ਉਜਰਤਾਂ ਜਾਮ ਰੱਖ ਕੇ ਮਜ਼ਦੂਰਾਂ ਦੇ ਟੱਬਰਾਂ ਦੇ ਮੁਸ਼ਕਲ ਗੁਜ਼ਾਰਿਆਂ ਦੀ ਬਲੀ ਦੇ ਕੇ ਵਾਧਾ ਕਰ ਰਹੀ ਹੈ ਅਤੇ ਉਹਨਾਂ ਨੂੰ ਖੁਸ਼ ਕਰ ਰਹੀ ਹੈ। ਲੁਧਿਆਣਾ ਦੇ ਇੱਕ ਅਸੰਬਲੀ ਹਲਕੇ ਦੀ ਜ਼ਿਮਨੀ ਚੋਣ ਨੂੰ ਹਰ ਹੀਲੇ ਜਿੱਤਣ ਦੇ ਜੁਗਾੜ ਵਿੱਚ ਲੱਗੀ ਸਰਕਾਰ ਮਜ਼ਦੂਰਾਂ, ਕਿਸਾਨਾਂ, ਗਰੀਬਾਂ ਅਤੇ ਆਮ ਲੋੜਵੰਦ ਲੋਕਾਂ ਦੀ ਮਿਹਨਤ ’ਤੇ ਡਾਕਾ ਮਾਰ ਕੇ ਸਨਅਤੀ ਘਰਾਣਿਆਂ ਨੂੰ ਵਿੱਤੀ ਲਾਭ ਪਹੁੰਚਾ ਰਹੀ ਹੈ।
ਏਟਕ ਆਗੂਆਂ ਦੱਸਿਆ ਕਿ ਸਰਕਾਰ ਨੂੰ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ 35000 ਰੁਪਏ ਪ੍ਰਤੀ ਮਹੀਨਾ ਦੀ ਮੰਗ ਮੰਨਣ ਲਈ ਮਜਬੂਰ ਕਰਨ ਵਾਸਤੇ 3 ਅਪ੍ਰੈਲ ਦੀ ਵਿਸ਼ਾਲ ਰੈਲੀ ਮਜ਼ਦੂਰਾਂ ਦੇ ਗੁੱਸੇ ਦਾ ਜ਼ਬਰਦਸਤ ਸੁਨੇਹਾ ਹੋਵੇਗਾ। ਪੰਜਾਬ ਭਰ ਵਿੱਚ ਏਟਕ ਨਾਲ ਸੰਬੰਧਤ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਰੈਲੀ ਦੀ ਕਾਮਯਾਬੀ ਲਈ ਜ਼ੋਰਦਾਰ ਤਿਆਰੀਆਂ ਆਰੰਭੀਆਂ ਹੋਈਆਂ ਹਨ। ਰੈਲੀ ਵਿੱਚ ਸਨਅਤੀ ਮਜ਼ਦੂਰ, ਟਰਾਂਸਪੋਰਟ ਕਾਮੇ, ਬਿਜਲੀ ਅਦਾਰੇ ਦੇ ਮੁਲਾਜ਼ਮ, ਦਰਜਾ ਚੌਥਾ ਦੇ ਕਰਮਚਾਰੀ, ਨਰੇਗਾ ਕਾਮੇ, ਉਸਾਰੀ ਕਿਰਤੀ, ਭੱਠਾ ਮਜ਼ਦੂਰ, ਪੱਲੇਦਾਰ, ਸਕੀਮ ਵਰਕਰਜ਼, ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਹਜ਼ਾਰਾਂ ਕਾਮੇ ਇਸ ਰੈਲੀ ਵਿੱਚ ਹੁੰਮ-ਹੁਮਾ ਕੇ ਪੁੱਜਣਗੇ। ਰੈਲੀ ਦੀ ਕਾਮਯਾਬੀ ਲਈ ਸਨਅਤੀ ਕੇਂਦਰ ਅੰਮਿ੍ਰਤਸਰ, ਲੁਧਿਆਣਾ, ਸੰਗਰੂਰ, ਮੁਹਾਲੀ, ਪਟਿਆਲਾ, ਰੋਪੜ ਦੇ ਪ੍ਰਮੁੱਖ ਮਜ਼ਦੂਰ ਆਗੂ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਡੀ ਪੀ ਮੌੜ, ਵਿਜੇ ਕੁਮਾਰ, ਮਨਿੰਦਰ ਸਿੰਘ ਭਾਟੀਆ, ਸੁਖਦੇਵ ਸ਼ਰਮਾ, ਭਰਪੂਰ ਸਿੰਘ ਬੁੱਲਾਪੁਰ, ਵਿਨੋਦ ਚੁੱਗ, ਮਹਿੰਦਰਪਾਲ, ਦਰਸ਼ਨ ਸਿੰਘ ਲੁਬਾਣਾ, ਉਤਮ ਸਿੰਘ ਬਾਗੜੀ, ਰਾਜ ਕੁਮਾਰ ਤਿਵਾੜੀ, ਦੁਰਗੇਸ਼ ਕੁਮਾਰ ਸਖਤ ਮਿਹਨਤ ਕਰ ਰਹੇ ਹਨ।
ਇਸ ਤੋਂ ਇਲਾਵਾ ਟਰਾਂਸਪੋਰਟ ਆਗੂ ਜਗਦੀਸ਼ ਸਿੰਘ ਚਹਿਲ, ਪੀ ਆਰ ਟੀ ਸੀ ਦੇ ਦਲਜੀਤ ਸਿੰਘ, ਮੁਹੰਮਦ ਖਲੀਲ, ਬਿਜਲੀ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਰਿੰਦਰ ਪਾਲ ਲਹੌਰੀਆ, ਬਿਜਲੀ ਦੇ ਸੇਵਾ-ਮੁਕਤ ਕਰਮਚਾਰੀਆਂ ਦੇ ਆਗੂ ਅਮਰੀਕ ਸਿੰਘ ਮਸੀਤਾਂ ਅਤੇ ਨਰਿੰਦਰ ਬੱਲ, ਨਰੇਗਾ ਆਗੂ ਕਸ਼ਮੀਰ ਸਿੰਘ ਗਦਾਈਆ, ਜਗਸੀਰ ਸਿੰਘ ਖੋਸਾ, ਭੱਠਾ ਮਜ਼ਦੂਰ ਆਗੂ ਜੈਪਾਲ, ਪੱਲੇਦਾਰਾਂ ਦੇ ਆਗੂ ਅਮਰ ਸਿੰਘ ਭੱਟੀਆਂ ਅਤੇ ਗੁਰਮੀਤ ਸਿੰਘ ਅਤੇ ਦਰਜਾਚਾਰ ਮੁਲਾਜ਼ਮਾਂ ਦੇ ਆਗੂ ਰਣਜੀਤ ਸਿੰਘ ਰਾਣਵਾਂ ਅਤੇ ਜਗਮੋਹਨ ਨੌਲੱਖਾ ਆਦਿ ਆਗੂ ਪੂਰੀ ਤਰ੍ਹਾਂ ਤਿਆਰੀ ਵਿੱਚ ਲੱਗੇ ਹੋਏ ਹਨ।




