ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕਿਹਾ ਕਿ ਸੱਤਰ ਸਾਲਾ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾ ਨੇ ਲੱਗਭੱਗ ਚਾਰ ਮਹੀਨਿਆਂ ਬਾਅਦ ਕਿਸਾਨਾਂ ਦੀਆਂ ਕਈ ਮੰਗਾਂ ਦੇ ਸਮਰਥਨ ਵਿੱਚ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖਤਮ ਕੀਤੀ, “ਸਿਆਸੀ ਏਜੰਡੇ ਤੋਂ ਬਿਨਾਂ ਇੱਕ ਸੱਚਾ ਆਗੂ” ਹੈ। ਜਸਟਿਸ ਸੂਰੀਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੂੰ ਪੰਜਾਬ ਦੇ ਐਡਵੋਕੇਟ ਜਨਰਲ (ਏ ਜੀ) ਗੁਰਮਿੰਦਰ ਸਿੰਘ ਨੇ ਸੂਚਿਤ ਕੀਤਾ ਕਿ ਖਨੌਰੀ ਅਤੇ ਸ਼ੰਭੂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾ ਦਿੱਤਾ ਗਿਆ ਹੈ ਅਤੇ ਸਾਰੀਆਂ ਜਾਮ ਸੜਕਾਂ ਤੇ ਹਾਈਵੇ ਖੋਲ੍ਹ ਦਿੱਤੇ ਗਏ ਹਨ।
ਸੁਪਰੀਮ ਕੋਰਟ ਨੇ ਡੱਲੇਵਾਲ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾ ਨੂੰ ਇੱਕ ਸੱਚਾ ਕਿਸਾਨ ਆਗੂ ਕਿਹਾ, ਜਿਨ੍ਹਾਂ ਨੇ ਬਿਨਾਂ ਕਿਸੇ ਰਾਜਨੀਤਕ ਏਜੰਡੇ ਦੇ ਕਿਸਾਨ ਭਾਈਚਾਰੇ ਦੇ ਅਸਲ ਮੁੱਦੇ ਚੁੱਕੇ। ਅਦਾਲਤ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਕੁਝ ਲੋਕ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਚਾਹੁੰਦੇ ਸਨ। ਅਸੀਂ ਹਾਥੀ ਦੰਦ ਦੇ ਟਾਵਰ ਵਿੱਚ ਨਹੀਂ ਬੈਠੇ ਹਾਂ। ਅਸੀਂ ਸਭ ਕੁਝ ਜਾਣਦੇ ਹਾਂ।’’ ਬੈਂਚ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਜ਼ਮੀਨੀ ਸਥਿਤੀ ’ਤੇ ਰਿਪੋਰਟ ਦਾਇਰ ਕਰਨ ਲਈ ਕਿਹਾ।




