ਜਲੰਧਰ (ਸੁਰਿੰਦਰ ਕੁਮਾਰ)-ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਅਦਾਲਤ ਸਜ਼ਾ 1 ਅਪ੍ਰੈਲ ਨੂੰ ਸੁਣਾਏਗੀ। ਇਹ ਮਾਮਲਾ 2018 ਵਿਚ ਜ਼ੀਰਕਪੁਰ ਦੀ ਇੱਕ ਪੀੜਤਾ ਵੱਲੋਂ ਪਾਸਟਰ ਵਿਰੁੱਧ ਜਬਰ-ਜ਼ਨਾਹ ਦੇ ਲਗਾਏ ਦੋਸ਼ਾਂ ਨਾਲ ਸੰਬੰਧਤ ਹੈ। ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸੰਬੰਧ ਬਣਾਏ ਸਨ। ਉਸ ਨੇ ਉਸ ਦੀ ਇਕ ਅਸ਼ਲੀਲ ਵੀਡੀਓ ਵੀ ਬਣਾਈ ਸੀ। 20 ਅਪ੍ਰੈਲ 2018 ਨੂੰ ਜ਼ੀਰਕਪੁਰ ਪੁਲਸ ਸਟੇਸ਼ਨ ਵਿੱਚ ਆਈ ਪੀ ਸੀ ਅਤੇ ਆਈ ਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਕ ਐੱਫ ਆਈ ਆਰ ਦਰਜ ਕੀਤੀ ਗਈ ਸੀ।