ਫਗਵਾੜਾ : ਇੱਥੋਂ ਦੀ ਫਰੈਂਡਜ਼ ਕਲੋਨੀ ਦੇ ਵਾਸੀ ਮਸ਼ਹੂਰ ਜੋਤਿਸ਼ੀ ਅਭਿਸ਼ੇਕ ਰਾਵਲ ਨੂੰ ਜਬਰ-ਜ਼ਨਾਹ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕਰਕੇ ਪੁਲਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਿੰਨ ਬੱਚਿਆਂ ਦੀ ਮਾਂ ਨੇ ਦੋਸ਼ ਲਗਾਇਆ ਸੀ ਕਿ ਉਹ ਜੋਤਿਸ਼ੀ ਦੀ ਪਤਨੀ ਦੀ ਕਰੀਬੀ ਦੋਸਤ ਸੀ ਅਤੇ ਅਕਸਰ ਪਰਵਾਰਕ ਇਕੱਠਾਂ ਵਿੱਚ ਉਸ ਨੂੰ ਮਿਲਦੀ ਸੀ। ਜੋਤਿਸ਼ੀ ਪਤਨੀ ਵਜੋਂ ਪੇਸ਼ ਆਉਣ ਲਈ ਆਵਾਜ਼ ਬਦਲਣ ਵਾਲੇ ਸਾਫਟਵੇਅਰ ਦੀ ਵਰਤੋਂ ਕਰਦਾ ਸੀ ਅਤੇ ਫੋਨ ਕਾਲਾਂ ਤੇ ਚੈਟਾਂ ਰਾਹੀਂ ਉਸ ਨਾਲ ਗੱਲਬਾਤ ਕਰਦਾ ਸੀ। ਇਸ ਚਲਾਕੀ ਨਾਲ ਉਸ ਨੇ ਉਸ ਨੂੰ ਖਰੀਦਦਾਰੀ ਦੇ ਬਹਾਨੇ ਆਪਣੀ ਦੁਕਾਨ ’ਤੇ ਬੁਲਾਇਆ, ਜਿੱਥੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਉਸ ਨੇ ਕਥਿਤ ਤੌਰ ’ਤੇ ਇੱਕ ਇਤਰਾਜ਼ਯੋਗ ਵੀਡੀਓ ਵੀ ਰਿਕਾਰਡ ਕੀਤੀ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਹੋਸ਼ ਵਿੱਚ ਆਈ ਤਾਂ ਰਾਵਲ ਨੇ ਉਸਨੂੰ ਧਮਕੀ ਦਿੱਤੀ ਕਿ ਉਸ ਕੋਲ ਘਟਨਾ ਦੀ ਵੀਡੀਓ ਹੈ ਅਤੇ ਬਾਅਦ ਵਿੱਚ ਬਲੈਕਮੇਲ ਕਰਦਿਆਂ ਉਸ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਕੇ ਵੱਖ-ਵੱਖ ਥਾਵਾਂ ’ਤੇ ਕਈ ਵਾਰ ਜਿਨਸੀ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਪੀੜਤਾ ਨੇ ਅੱਗੇ ਦੋਸ਼ ਲਗਾਇਆ ਕਿ ਹੋਲੀ ਵਾਲੇ ਦਿਨ ਉਸ ਦੇ ਸਖਤ ਇਨਕਾਰ ਦੇ ਬਾਵਜੂਦ ਉਸ ਨੇ ਉਸ ਨੂੰ ਮਜਬੂਰ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ, ਉਸ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਲੀਕ ਕਰ ਦਿੱਤੀ। ਰਾਵਲ ਜੋਤਿਸ਼ ਦੀ ਆੜ ਵਿੱਚ ਮਾਸੂਮ ਔਰਤਾਂ ਦੀਆਂ ਅਸ਼ਲੀਲ ਫੋਟੋਆਂ ਇਕੱਠੀਆਂ ਕਰਦਾ ਸੀ। ਮਹਿਲਾ ਨੇ ਪੁਲਸ ਨੂੰ ਉਸ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਅਪੀਲ ਕਰਦਿਆਂ ਦੋਸ਼ ਲਗਾਇਆ ਹੈ ਕਿ ਉਸ ਕੋਲ ਇਤਰਾਜ਼ਯੋਗ ਸਮੱਗਰੀ ਵਾਲੇ ਕਈ ਮੋਬਾਇਲ ਫੋਨ ਹਨ।




