ਚੰਡੀਗੜ੍ਹ : ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਸਨਿੱਚਰਵਾਰ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਖਤਮ ਨਹੀਂ ਕੀਤਾ ਹੈ, ਭਾਵੇਂ ਕਿ ਉਨ੍ਹਾ ਪਿਛਲੇ ਹਫਤੇ ਸੂਬਾ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਵੱਖ-ਵੱਖ ਜੇਲ੍ਹਾਂ ਤੋਂ ਰਿਹਾਅ ਕਰਨ ਤੋਂ ਬਾਅਦ ਇੱਕ ਗਲਾਸ ਪਾਣੀ ਪੀਤਾ ਸੀ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਡੱਲੇਵਾਲ ਨੇ ਪਾਣੀ ਸਵੀਕਾਰ ਕੀਤਾ ਅਤੇ ਆਪਣਾ ਵਰਤ ਤੋੜ ਦਿੱਤਾ। ਪੰਜਾਬ ਸਰਕਾਰ ਦੇ ਦਾਅਵਿਆਂ ਦਾ ਵਿਰੋਧ ਕਰਦੇ ਹੋਏ ਕੋਹਾੜ ਨੇ ਕਿਹਾ ਕਿ ਡੱਲੇਵਾਲ ਨੇ ਸਪੱਸ਼ਟ ਕੀਤਾ ਸੀ ਕਿ ਉਹ ਸਾਰੇ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਹੀ ਪਾਣੀ ਪੀਣਗੇ ਅਤੇ ਡੱਲੇਵਾਲ ਨੇ ਕਿਸਾਨ ਆਗੂਆਂ ਦੀ ਰਿਹਾਈ ਤੋਂ ਬਾਅਦ ਇਕ ਗਲਾਸ ਪਾਣੀ ਪੀਤਾ ਹੈ। ਉਨ੍ਹਾ ਕਿਹਾ, ‘ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਕ ਗਲਤ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਡੱਲੇਵਾਲ ਨੇ ਮਰਨ ਵਰਤ ਖਤਮ ਕਰ ਦਿੱਤਾ ਹੈ। ਉਨ੍ਹਾ ਦੀ ਭੁੱਖ ਹੜਤਾਲ ਜਾਰੀ ਹੈ।’
ਇੱਕ ਹੋਰ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਦੋਂ ਡੱਲੇਵਾਲ ਨੂੰ ਕਿਸਾਨਾਂ ਦੀ ਹਿਰਾਸਤ ਬਾਰੇ ਪਤਾ ਲੱਗਾ ਤਾਂ ਉਨ੍ਹਾ ਸਾਰਿਆਂ ਦੇ ਰਿਹਾਅ ਹੋਣ ਤੱਕ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਪਾਣੀ ਪੀ ਲਿਆ।
ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਸ਼ੁੱਕਰਵਾਰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ 19 ਮਾਰਚ ਨੂੰ ਹਰਿਆਣਾ ਨਾਲ ਲੱਗਦੇ ਖਨੌਰੀ ਅਤੇ ਸ਼ੰਭੂ ਸਰਹੱਦੀ ਥਾਵਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾ ਦਿੱਤਾ ਗਿਆ ਅਤੇ ਧਰਨਿਆਂ ਕਾਰਨ ਬੰਦ ਹੋਈਆਂ ਸੜਕਾਂ ਅਤੇ ਹਾਈਵੇ ਖੋਲ੍ਹ ਦਿੱਤੇ ਹਨ।