ਹੈਦਰਾਬਾਦ : ਤੇਲੰਗਾਨਾ ਦੇ ਕੋਮਾਰਾਮ ਭੀਮ ਆਸਿਫਾਬਾਦ ਜ਼ਿਲ੍ਹੇ ਦੇ ਗੁਮਨੂਰ ਪਿੰਡ ’ਚ ਸੂਰਜ ਦੇਵ ਨੇ ਇੱਕੋ ਵੇਲੇ ਲਾਲ ਦੇਵੀ ਤੇ ਝਲਕਾਰੀ ਦੇਵੀ ਨਾਲ ਫੇਰੇ ਲਏ।
ਸੂਰਜ ਦੇਵ ਨੇ ਵਿਆਹ ਦੇ ਕਾਰਡ ’ਤੇ ਦੋਹਾਂ ਲਾੜੀਆਂ ਦੇ ਨਾਂਅ ਛਪਵਾਏ ਤੇ ਸ਼ਾਨਦਾਰ ਸਮਾਗਮ ਦਾ ਪ੍ਰਬੰਧ ਕੀਤਾ। ਵੀਡੀਓ ਵਿੱਚ ਦੋਵੇਂ ਲਾੜੀਆਂ ਉਸ ਦਾ ਹੱਥ ਫੜੀ ਦਿਖਾਈ ਦੇ ਰਹੀਆਂ ਹਨ। ਸੂਰਜ ਦੇਵ ਨੂੰ ਲਾਲ ਦੇਵੀ ਤੇ ਝਲਕਾਰੀ ਦੇਵੀ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਤਿੰਨਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ। ਹਾਲਾਂਕਿ, ਸ਼ੁਰੂਆਤ ’ਚ ਪਿੰਡ ਦੇ ਬਜ਼ੁਰਗ ਇਸ ਵਿਆਹ ਲਈ ਰਾਜ਼ੀ ਨਹੀਂ ਸਨ, ਪਰ ਬਾਅਦ ’ਚ ਉਹ ਮੰਨ ਗਏ ਤੇ ਤਿੰਨਾਂ ਦੀ ਵਿਆਹ ਕਰਵਾਉਣ ਵਿੱਚ ਮਦਦ ਵੀ ਕੀਤੀ। ਹਾਲਾਂਕਿ, ਭਾਰਤ ’ਚ ਹਿੰਦੂਆਂ ਲਈ ਇਕ ਤੋਂ ਜ਼ਿਆਦਾ ਵਿਆਹ ਕਰਨਾ ਗੈਰਕਾਨੂੰਨੀ ਹੈ। ਇਹ ਪਹਿਲੀ ਵਾਰੀ ਨਹੀਂ, ਜਦੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 2021 ’ਚ ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ ’ਚ ਇੱਕ ਵਿਅਕਤੀ ਨੇ ਇੱਕੋ ਮੰਡਪ ’ਚ ਦੋ ਔਰਤਾਂ ਨਾਲ ਵਿਆਹ ਕੀਤਾ ਸੀ। ਇਸੇ ਤਰ੍ਹਾਂ 2022 ਵਿੱਚ ਝਾਰਖੰਡ ’ਚ ਇਕ ਨੌਜਵਾਨ ਨੇ ਆਪਣੀਆਂ ਦੋ ਸਹੇਲੀਆਂ ਨਾਲ ਵਿਆਹ ਕੀਤਾ ਸੀ।