ਫਿਲੌਰ/ਬੰਗਾ (ਨਿਰਮਲ/ਹਰਜਿੰਦਰ ਕੌਰ ਚਾਹਲ/ ਅਵਤਾਰ ਕਲੇਰ)
ਫਿਲੌਰ ਤੋਂ ਸੀ ਪੀ ਆਈ (ਐੱਮ) ਦੇ ਸੰਸਦ ਮੈਂਬਰ ਰਹੇ ਮਾਸਟਰ ਭਗਤ ਰਾਮ (85) ਦਾ ਸੋਮਵਾਰ ਸਵੇਰੇ ਭਾਰਤੀ ਸਮੇਂ ਮੁਤਾਬਕ ਕਰੀਬ ਸਵਾ ਛੇ ਵਜੇ ਕੈਨੇਡਾ ’ਚ ਦੇਹਾਂਤ ਹੋ ਗਿਆ। ਉਨ੍ਹਾ ਦੇ ਸਪੁੱਤਰ ਸੁਰਜੀਤ ਕੁਮਾਰ ਹੈਪੀ ਨੇ ਦੱਸਿਆ ਕਿ ਮਾਸਟਰ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ 1977 ਦੀਆਂ ਆਮ ਚੋਣਾਂ ਦੌਰਾਨ ਹਲਕਾ ਫਿਲੌਰ (ਰਿਜ਼ਰਵ) ਤੋਂ ਜਿੱਤੇ ਸਨ। ਸੰਸਦ ਮੈਂਬਰ ਚੁਣੇ ਜਾਣ ਦੇ ਬਾਅਦ ਵੀ ਉਹ ਲੰਮਾ ਸਮਾਂ ਸਾਈਕਲ ’ਤੇ ਹੀ ਆਉਣ-ਜਾਣ ਕਰਦੇ ਰਹੇ। ਜਲੰਧਰ ਦਾ ਪਾਸਪੋਰਟ ਦਫਤਰ ਬਣਵਾਉਣ ’ਚ ਉਨ੍ਹਾ ਦਾ ਵੱਡਾ ਯੋਗਦਾਨ ਰਿਹਾ। ਉਸ ਵੇਲੇ ਸੰਸਦ ਮੈਂਬਰ ਦੇ ਦਸਤਖਤਾਂ ਨਾਲ ਪਾਸਪੋਰਟ ਛੇਤੀ ਬਣ ਜਾਂਦਾ ਸੀ। ਉਹ ਲਗਾਤਾਰ ਘੰਟਿਆਂ-ਬੱਧੀ ਦਸਤਖਤ ਕਰ ਕੇ ਪਾਸਪੋਰਟ ਬਣਾਉਣ ’ਚ ਆਮ ਲੋਕਾਂ ਦੀ ਮਦਦ ਕਰਦੇ ਰਹੇ। ਉਨ੍ਹਾ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ’ਚ ਵੱਡਾ ਰੋਲ ਨਿਭਾਇਆ।