ਜਲੰਧਰ : ਡਾ. ਹਰਜਿੰਦਰ ਸਿੰਘ ਅਟਵਾਲ ਸੋਮਵਾਰ ਦਿਲ ਦੀ ਧੜਕਣ ਰੁਕਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾ ਦੀ ਇੱਥੇ ਘਰ ਵਿੱਚ ਸਵੇਰੇ ਕਰੀਬ ਸਾਢੇ 9 ਵਜੇ ਤਬੀਅਤ ਵਿਗੜੀ ਤਾਂ ਤੁਰੰਤ ਨਿਊ ਰੂਬੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਲਗਭਗ ਸਾਢੇ 10 ਵਜੇ ਉਨ੍ਹਾ ਨੂੰ ਮਿ੍ਰਤਕ ਐਲਾਨ ਦਿੱਤਾ। ਉਹ ਜੇ ਸੀ ਡੀ ਏ ਵੀ ਕਾਲਜ ਦਸੂਹਾ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ। ਰਿਟਾਇਰਮੈਂਟ ਤੋਂ ਬਾਅਦ ਉਹ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਸਾਹਿਤ ਸੰਪਾਦਕ ਵੀ ਰਹੇ। ਉਨ੍ਹਾ ਦਾ ਅੰਤਮ ਸੰਸਕਾਰ ਬੇਟੀ ਦੇ ਅਮਰੀਕਾ ਤੋਂ ਆਉਣ ’ਤੇ ਕੀਤਾ ਜਾਵੇਗਾ।
‘ਨਵਾਂ ਜ਼ਮਾਨਾ’ ਅਖਬਾਰ ਚਲਾਉਣ ਵਾਲੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਸੰਪਾਦਕ ਚੰਦ ਫਤਿਹਪੁਰੀ ਤੇ ਟਰੱਸਟੀ ਗੁਰਮੀਤ ਨੇ ਉਨ੍ਹਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਵਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਕਿਹਾ ਕਿ ਡਾਕਟਰ ਅਟਵਾਲ ਨੇ ਨਵਾਂ ਜ਼ਮਾਨਾ ਦੇ ‘ਐਤਵਾਰਤਾ’ ਅੰਕ ਨੂੰ ਹੋਰ ਹਰਮਨਪਿਆਰਾ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਦੀ ਹਰਦਿਲ ਅਜ਼ੀਜ਼ ਸ਼ਖ਼ਸੀਅਤ, ਗ਼ਦਰੀ ਬਾਬਿਆਂ ਦੇ ਮੇਲੇ, ਸੱਭਿਆਚਾਰਕ ਵਿੰਗ ਦੇ ਵਿਦਵਾਨ ਲੇਖਕ, ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਗਾਇਨ, ਭਾਸ਼ਣ ਅਤੇ ਕੁਇਜ਼ ਮੁਕਾਬਲੇ, ਪੁਸਤਕ ਪਾਠਕ ਮਿਲਣੀਆਂ, ਵਿਚਾਰ-ਚਰਚਾਵਾਂ, ਸੱਭਿਆਚਾਰਕ ਵਿੰਗ ਦੀਆਂ ਮੀਟਿੰਗਾਂ, ਗ਼ਦਰੀ ਬਾਬਿਆਂ ਦੇ ਮੇਲੇ ਉਪਰ ਪੜਚੋਲਵੀਂ ਨਜ਼ਰ ਮਾਰਨ ਮੌਕੇ ਬੇਬਾਕ ਵਕਤਾ, ਸਾਦ-ਮੁਰਾਦੇ ਅੰਦਾਜ਼ ਵਿਚ ਹਰ ਕੰਮ ਨੂੰ ਆਪ ਹੱਥ ਪਾਉਣ ਵਾਲੇ, ਕਾਲਜ, ਯੂਨੀਵਰਸਿਟੀ ਅਤੇ ਸਕੂਲਾਂ ਤੱਕ ਮੇਲੇ ਦਾ ਸੁਨੇਹਾ ਲੈ ਕੇ ਜਾਣ ਵਾਲੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੂਬਾ ਮੀਤ ਪ੍ਰਧਾਨ ਡਾ. ਅਟਵਾਲ ਦੇ ਦੇਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ, ਇਤਿਹਾਸ ਕਮੇਟੀ, ਮਿਊਜ਼ੀਅਮ ਕਮੇਟੀ, ਲਾਇਬਰੇਰੀ ਕਮੇਟੀ, ਵਿੱਤ ਅਤੇ ਦੇਖ-ਰੇਖ ਕਮੇਟੀ ਦੇ ਸਮੂਹ ਕਨਵੀਨਰਾਂ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ, ਪ੍ਰੋ. ਗੋਪਾਲ ਸਿੰਘ ਬੁੱਟਰ, ਰਣਜੀਤ ਸਿੰਘ ਔਲਖ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਪਰਵਾਰ, ਸਾਕ-ਸੰਬੰਧੀਆਂ ਤੇ ਸੰਗੀ-ਸਾਥੀਆਂ ਨਾਲ਼ ਦੁੱਖ਼ ਸਾਂਝਾ ਕੀਤਾ ਹੈ।
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਅਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਾਂਝੇ ਤੌਰ ’ਤੇ ਕਿਹਾ ਕਿ ਡਾਕਟਰ ਹਰਜਿੰਦਰ ਸਿੰਘ ਅਟਵਾਲ ਪੰਜਾਬੀ ਅਦਬੀ ਮੰਡਲਾਂ ਵਿੱਚ ਬਹੁਤ ਸਰਗਰਮੀ ਨਾਲ ਵਿਚਰਨ ਵਾਲੀ ਸ਼ਖ਼ਸੀਅਤ ਸੀ। ਉਨ੍ਹਾ ਲੰਮਾ ਸਮਾਂ ਭਾਸ਼ਾ ਦਾ ਅਧਿਆਪਨ ਕੀਤਾ। ਉਹ ਅੱਜਕੱਲ੍ਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ’ਤੇ ਕਾਰਜ ਕਰ ਰਹੇ ਸਨ। ਉਨ੍ਹਾ ਦਾ ਪੰਜਾਬੀ ਰੀਵਿਊਕਾਰੀ ਵਿੱਚ ਕਾਰਜ ਵੀ ਬਹੁਤ ਅਹਿਮ ਰਿਹਾ ਹੈ।
ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਣਾ ਨੇ ਡਾ. ਅਟਵਾਲ ਦੀ ਬੇਵਕਤੀ ਮੌਤ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਟਵਾਲ ਸਾਹਿਬ ਇੱਕ ਮਹਾਨ ਅਲੋਚਕ, ਚਿੰਤਕ, ਬੁੱਧੀਜੀਵੀ, ਸਾਹਿਤਕਾਰ ਤੇ ਬਹੁਤ ਹੀ ਵਧੀਆ ਇਨਸਾਨ ਸਨ। ਉਹ ਜੇ ਸੀ ਡੀ ਏ ਵੀ ਕਾਲਜ ਦਸੂਹਾ ਤੇ ਪੰਜਾਬ ਦੇ ਹੋਰ ਕਈ ਕਾਲਜਾਂ ਵਿੱਚ ਪ੍ਰੋਫੈਸਰ ਰਹੇ. ਟੇਰਕਿਆਣਾ ਨੇ ਦੱਸਿਆ ਕਿ ਉਹ ਹਰ ਸਾਹਿਤਕ ਸਮਾਗਮ ਵਿੱਚ ਪਹੁੰਚਦੇ ਸਨ ਤੇ ਬੜੇ ਹੀ ਨਿਵੇਕਲੇ ਅੰਦਾਜ਼ ਵਿੱਚ ਆਪਣੀ ਗੱਲ ਸਰੋਤਿਆਂ ਸਾਹਮਣੇ ਰੱਖਦੇ ਸਨ। ਉਹਨਾ ਕੋਲ ਕਮਾਲ ਦੀ ਯਾਦਾਸ਼ਤ ਤੇ ਸ਼ਬਦਾਂ ਦਾ ਖਜ਼ਾਨਾ ਹੁੰਦਾ ਸੀ। ਉਹ ਇਕ ਚੱਲਦੀ-ਫਿਰਦੀ ਲਾਇਬਰੇਰੀ ਵੀ ਸਨ।