ਫਿਲੌਰ (ਨਿਰਮਲ, ਹਰਜਿੰਦਰ ਕੌਰ ਚਾਹਲ)
ਤਲਵਣ ਰੋਡ ’ਤੇ ਪੈਂਦੇ ਨੇੜਲੇ ਪਿੰਡ ਨੰਗਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਆਦਮਕੱਦ ਬੁੱਤ ਦੁਆਲੇ ਲੱਗੇ ਸ਼ੀਸ਼ੇ ਦੇ ਫਰੇਮ ’ਤੇ ਕੱਝ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨ-ਪੱਖੀ ਨਾਅਰੇ ਲਿਖ ਦਿੱਤੇ। ਸੋਮਵਾਰ ਸਵੇਰੇ ਪਿੰਡ ਦੇ ਕੁਝ ਲੋਕਾਂ ਨੇ ਫਰੇਮ ’ਤੇ ਕਾਲੇ ਪੇਂਟ ਨਾਲ ਲਿਖਿਆ ਹੋਇਆ ਪੜ੍ਹਿਆ ਤਾਂ ਪਿੰਡ ਦੇ ਸਾਬਕਾ ਸਰਪੰਚ ਖੁਸ਼ੀ ਰਾਮ ਨੂੰ ਸੂਚਿਤ ਕੀਤਾ। ਉਹ ਆਪਣੇ ਸਾਥੀਆਂ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣੇਦਾਰ ਅਨਵਰ ਮਸੀਹ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਬਾਬਾ ਸਾਹਿਬ ਦੇ ਬੁੱਤ ਦੇ ਫਰੇਮ ’ਤੇ ਲਿਖੀ ਭੜਕਾਊ ਸ਼ਬਦਾਵਲੀ ਨੂੰ ਸਾਫ ਕਰਵਾ ਦਿੱਤਾ। ਇਸੇ ਦੌਰਾਨ ਡੀ ਐੱਸ ਪੀ ਫਿਲੌਰ ਸਰਵਣ ਸਿੰਘ ਬੱਲ ਅਤੇ ਐੱਸ ਐਚ ਓ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਵੀ ਮੌਕੇ ’ਤੇ ਪਹੁੰਚ ਗਏ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੇ ਐੱਸ ਐਸ ਪੀ ਗੁਰਮੀਤ ਸਿੰਘ ਨੇ ਕਿਹਾ, ‘ਬੁੱਤ ਨੂੰ ਚੰਗੀ ਤਰ੍ਹਾਂ ਢੱਕਿਆ ਗਿਆ ਸੀ, ਪਰ ਕੁਝ ਸ਼ਰਾਰਤੀ ਤੱਤਾਂ ਨੇ ਇਸ ’ਤੇ ਇਤਰਾਜ਼ਯੋਗ ਗੱਲਾਂ ਲਿਖੀਆਂ। ਅਸੀਂ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਮੁਲਜ਼ਮ ਫੜ ਲਏ ਜਾਣਗੇ।’
ਇਸ ਸੰਵੇਦਨਸ਼ੀਲ ਮੁੱਦੇ ਦੀ ਖਬਰ ਸੋਸ਼ਲ ਮੀਡੀਆ ’ਤੇ ਫੈਲਦੇ ਹੀ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ, ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਆਪ ਹਲਕਾ ਫਿਲੌਰ ਦੇ ਇੰਚਾਰਜ ਪਿ੍ਰੰਸੀਪਲ ਪ੍ਰੇਮ ਕੁਮਾਰ, ਕਾਂਗਰਸੀ ਆਗੂ ਅੰਮਿ੍ਰਤ ਭੋਂਸਲੇ, ਨੌਜਵਾਨ ਆਗੂ ਇੰਦਰਜੀਤ ਚੰਦੜ੍ਹ, ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਹਿੰਦਰ ਰਾਮ ਚੁੰਬਰ, ਕੌਂਸਲਰ ਯਸ਼ਪਾਲ ਗਿੰਡਾ ਆਦਿ ਨੇ ਅਵਾਮ ਨੂੰ ਅਪੀਲ ਕੀਤੀ ਕਿ ਉਹ ਹਰ ਹਾਲ ’ਚ ਸ਼ਾਂਤੀ ਬਣਾਈ ਰੱਖਣ ਅਤੇ ਸ਼ਰਾਰਤੀ ਅਨਸਰਾਂ ਦੀਆਂ ਕੋਝੀਆਂ ਹਰਕਤਾਂ ਸਫਲ ਨਾ ਹੋਣ ਦੇਣ।
ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਹ ਜਲਦੀ ਤੋਂ ਦੋਸ਼ੀਆਂ ਨੂੰ ਗਿ੍ਰਫਤਾਰ ਕਰੇ, ਨਹੀਂ ਤਾਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਜਾ ਸਕਦਾ ਹੈ ਅਤੇ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਵੀ ਮਜਬੂਰ ਹੋਣਾ ਪੈ ਸਕਦਾ ਹੈ।
ਇਸੇ ਦੌਰਾਨ ਇਸ ਘਿਨਾਉਣੀ ਹਰਕਤ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਲਈ ਗਈ ਹੈ। ਫਰੇਮ ’ਤੇ ‘ਸਿੱਖ ਹਿੰਦੂ ਨਹੀਂ ਹਨ’ ਅਤੇ ‘ਟਰੰਪ ਜ਼ਿੰਦਾਬਾਦ’ ਵੀ ਲਿਖਿਆ ਸੀ।
ਇਸੇ ਤਰ੍ਹਾਂ ਦੋ ਹੋਰ ਝੰਡਿਆਂਇੱਕ ਭਗਵਾ ਅਤੇ ਦੂਜਾ ਨੀਲਾਉਤੇ ਵੀ ਅਜਿਹਾ ਕੁਝ ਹੀ ਲਿਖਿਆ ਸੀ। ਇੱਕ ਕਥਿਤ ਵੀਡੀਓ ਵਿੱਚ ਐੱਸ ਐੱਫ ਜੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਡਾ. ਅੰਬੇਡਕਰ ਦੀ ਆਲੋਚਨਾ ਕੀਤੀ ਅਤੇ ਉਨ੍ਹਾ ਉਤੇ ਭਾਰਤੀ ਸੰਵਿਧਾਨ ਦੇ ਖਰੜੇ ਵਿੱਚ ਆਪਣੀ ਭੂਮਿਕਾ ਰਾਹੀਂ ਸਿੱਖ ਪਛਾਣ ਨੂੰ ਮਿਟਾਉਣ ਵਿੱਚ ਯੋਗਦਾਨ ਪਾਉਣ ਦਾ ਦੋਸ਼ ਲਾਇਆ। ਉਸ ਨੇ 14 ਅਪਰੈਲ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਤੋਂ ਪਹਿਲਾਂ ਪੰਜਾਬ ਤੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੀਆਂ ਮੂਰਤੀਆਂ ਨੂੰ ਹਟਾਉਣ ਲਈ ਕਿਹਾ ਹੈ।
ਪੰਜਾਬ ਵਿੱਚ ਡਾ. ਅੰਬੇਡਕਰ ਦੇ ਬੁੱਤਾਂ ਨੂੰ ਵਿਗਾੜਨ ਵਾਲੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਅੰਮਿ੍ਰਤਸਰ ਵਿੱਚ ਵੀ ਉਨ੍ਹਾ ਦੇ ਬੁੱਤ ਦੀ ਇਸੇ ਤਰ੍ਹਾਂ ਭੰਨ-ਤੋੜ ਕੀਤੀ ਗਈ ਸੀ।