ਪਾਲਨਪੁਰ : ਗੁਜਰਾਤ ਦੇ ਬਾਨਾਸਕਾਂਠਾ ਜ਼ਿਲ੍ਹੇ ਦੀ ਪਟਾਕਾ ਫੈਕਟਰੀ ਵਿੱਚ ਬਾਇਲਰ ਫਟਣ ਕਾਰਨ ਮੱਧ ਪ੍ਰਦੇਸ਼ ਦੇ 18 ਵਰਕਰਾਂ ਦੀ ਮੌਤ ਹੋ ਗਈ ਤੇ 7 ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਸੀ। ਵਰਕਰ ਦੋ ਦਿਨ ਪਹਿਲਾਂ ਹੀ ਫੈਕਟਰੀ ਵਿੱਚ ਆਏ ਸਨ। ਡੀਸਾ ਸ਼ਹਿਰ ਦੀ ਧੁਨਵਾ ਰੋਡ ’ਤੇ ਫੈਕਟਰੀ ਦੇ ਕੁਝ ਹਿੱਸੇ ਅੱਗ ਲੱਗਣ ਕਾਰਨ ਡਿੱਗ ਗਏ। ਵਰਕਰਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਧਮਾਕਾ ਏਨਾ ਸ਼ਕਤੀਸ਼ਾਲੀ ਸੀ ਕਿ ਕਈ ਮਜ਼ਦੂਰਾਂ ਦੇ ਅੰਗ ਕਰੀਬ 50 ਮੀਟਰ ਦੂਰ ਤੱਕ ਜਾ ਕੇ ਡਿੱਗੇ। ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਖੂਬ ਚੰਦ ਸਿੰਧੀ ਦੀ ਦੀਪਕ ਟਰੇਡਰਜ਼ ਨਾਂਅ ਦੀ ਫੈਕਟਰੀ ਕੋਲ ਪਟਾਕੇ ਵੇਚਣ ਦਾ ਲਸੰਸ ਸੀ, ਬਣਾਉਣ ਦਾ ਨਹੀਂ, ਪਰ ਉਥੇ ਪਟਾਕੇ ਬਣਾਏ ਜਾ ਰਹੇ ਸਨ।
ਨਾਈਟਰੋਜਨ ਗੈਸ ਲੀਕ ਹੋਣ ਨਾਲ 3 ਮੌਤਾਂ
ਜੈਪੁਰ : ਰਾਜਸਥਾਨ ਦੇ ਬੇਵਰ ਜ਼ਿਲ੍ਹੇ ਵਿੱਚ ਬਾਡੀਆ ਖੇਤਰ ਦੀ ਕੈਮੀਕਲ ਫੈਕਟਰੀ ਵਿੱਚ ਖੜ੍ਹੇ ਟੈਂਕਰ ਤੋਂ ਸੋਮਵਾਰ ਰਾਤ ਨਾਈਟਰੋਜਨ ਗੈਸ ਲੀਕ ਹੋਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਬਿਮਾਰ ਹੋ ਗਏ। ਫੈਕਟਰੀ ਮਾਲਕ ਸੁਨੀਲ ਸਿੰਘਲ (47) ਦੀ ਰਾਤ ਨੂੰ ਹੀ ਮੌਤ ਹੋ ਗਈ, ਜਦੋਂ ਕਿ ਦਯਾਰਾਮ (52) ਅਤੇ ਨਰਿੰਦਰ ਸੋਲੰਕੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਭਾਰੀਪਨ ਅਤੇ ਉਲਟੀਆਂ ਦੀ ਸ਼ਿਕਾਇਤ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫੈਕਟਰੀ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਮਾਲ ਗੱਡੀਆਂ ਦੀ ਸਿੱਧੀ ਟੱਕਰ ’ਚ ਦੋ ਡਰਾਈਵਰਾਂ ਦੀ ਮੌਤ
ਰਾਂਚੀ : ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿੱਚ ਬਰਹੈਤ ਥਾਣਾ ਖੇਤਰ ਦੇ ਭੋਗਨਾਡੀਹ ਨੇੜੇ ਮੰਗਲਵਾਰ ਤੜਕੇ 3 ਵਜੇ ਦੇ ਕਰੀਬ ਦੋ ਮਾਲ ਗੱਡੀਆਂ ਦੀ ਸਿੱਧੀ ਟੱਕਰ ਵਿੱਚ ਦੋ ਡਰਾਈਵਰਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਪੂਰਬੀ ਰੇਲਵੇ ਦੇ ਬੁਲਾਰੇ ਕੌਸ਼ਿਕ ਮਿੱਤਰਾ ਨੇ ਦੱਸਿਆ ਕਿ ਮਾਲ ਗੱਡੀਆਂ ਅਤੇ ਪਟੜੀਆਂ ਐੱਨ ਟੀ ਪੀ ਸੀ ਦੀਆਂ ਹਨ। ਇਨ੍ਹਾਂ ਰਾਹੀਂ ਇਸ ਦੇ ਪਾਵਰ ਪਲਾਂਟਾਂ ਤੱਕ ਕੋਲੇ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਇਸ ਦਾ ਭਾਰਤੀ ਰੇਲਵੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਜ ਰੇਲਵੇ ਵੱਲੋਂ ਹਰ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ।
ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ 24-25 ਨੂੰ
ਮੁਹਾਲੀ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬੀ ਵਾਧੂ ਵਿਸ਼ਾ ਸਾਲ 2025 ਦੀ ਪਹਿਲੀ ਤਿਮਾਹੀ ਦੀ ਪ੍ਰੀਖਿਆ 24-25 ਅਪ੍ਰੈਲ ਨੂੰ ਲਵੇਗਾ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ … ’ਤੇ ਉਪਲੱਬਧ ਹੋਣਗੇ।ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ 17 ਅਪ੍ਰੈਲ ਤੱਕ ਬੋਰਡ ਦੀ ਪ੍ਰੀਖਿਆ ਸ਼ਾਖਾ ਦਸਵੀਂ ਦੇ ਫਾਰਮ ਸੈਕਸ਼ਨ, ਮੁੱਖ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵਿਖੇ ਪ੍ਰਾਪਤ ਕੀਤੇ ਜਾਣਗੇ ਰੋਲ ਨੰਬਰ ਬੋਰਡ ਦੀ ਵੈੱਬਸਾਈਟ ’ਤੇ 22 ਅਪ੍ਰੈਲ ਤੋਂ ਉਪਲੱਬਧ ਹੋਣਗੇ।ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਸੰਬੰਧਤ ਪ੍ਰੀਖਿਆਰਥੀ ਆਪਣੇ ਦਸਵੀਂ ਪਾਸ ਦਾ ਅਸਲ ਸਰਟੀਫਿਕੇਟ, ਫੋਟੋ ਪਹਿਚਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ ਨਿਰਧਾਰਤ ਮਿਤੀ ਤੱਕ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ, ਦਸਵੀਂ ਪਾਸ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਨੂੰ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।ਅਜਿਹਾ ਨਾ ਕਰਨ ’ਤੇ ਸੰਬੰਧਤ ਪ੍ਰੀਖਿਆਰਥੀ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸੰਬੰਧਤ ਪ੍ਰੀਖਿਆਰਥੀ ਦੀ ਹੋਵੇਗੀ।
ਵਟਸਐਪ ਵੱਲੋਂ ਫਰਵਰੀ ’ਚ 97 ਲੱਖ ਖਾਤੇ ਬੰਦ
ਨਵੀਂ ਦਿੱਲੀ : ਵਟਸਐਪ ਨੇ ਭਾਰਤ ਵਿਚ ਫਰਵਰੀ ਮਹੀਨੇ ਦੌਰਾਨ 97 ਲੱਖ ਖਾਤੇ ਬੰਦ ਕਰ ਦਿੱਤੇ ਹਨ। ਇਨ੍ਹਾਂ ਖਾਤਾਧਾਰਕਾਂ ’ਤੇ ਇਤਰਾਜ਼ਯੋਗ ਸਮੱਗਰੀ ਅੱਗੇ ਪ੍ਰਸਾਰਤ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿੱਚੋਂ 14 ਲੱਖ ਖਾਤਿਆਂ ’ਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ। ਮੈਟਾ ਦੀ ਮਾਲਕੀ ਵਾਲੀ ਕੰਪਨੀ ਨੇ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਕੇ ਵਟਸਐਪ ਖਾਤਾਧਾਰਕਾਂ ਨੂੰ ਨੇਮਾਂ ਦਾ ਪਾਲਣ ਕਰਨ ਦੀ ਵੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਕਿ ਕਿਸੇ ਵੀ ਭੜਕਾਊ ਸੰਦੇਸ਼ ਨੂੰ ਬਲਕ ਵਿੱਚ ਅੱਗੇ ਨਾ ਭੇਜਿਆ ਜਾਵੇ ਤੇ ਇਸ ਦੀ ਸਚਾਈ ਦੀ ਘੋਖ ਕੀਤੀ ਜਾਵੇ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ, ਮਾਹਰਾਂ ਤੇ ਹੋਰ ਨਵੀਨਤਮ ਤਕਨਾਲੋਜੀਆਂ ਦੀ ਮਦਦ ਲੈ ਰਹੇ ਹਨ ਤਾਂ ਕਿ ਇਸ ਪਲੇਟਫਾਰਮ ’ਤੇ ਖਾਤਾਧਾਰਕਾਂ ਦੀ ਨਿੱਜਤਾ ਪ੍ਰਭਾਵਤ ਨਾ ਹੋਵੇ ਤੇ ਉਹ ਸੁਰੱਖਿਅਤ ਰਹਿਣ।




