ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਦੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੀ ਗੱਲ ਸਵੀਕਾਰ ਕੀਤੀ ਹੈ | ਉਨ੍ਹਾ ਆਪਣੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿੱਚ ਮੰਨਿਆ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ਭੜਕਾਉਣ ਅਤੇ ਇਸ ਦੀ ਅਗਵਾਈ ਕਰਨ ਦੇ ਦੋਸ਼ਾਂ ਹੇਠ ਕਾਂਗਰਸ ਦੇ ਕਈ ਵਰਕਰਾਂ ਵਿਰੁੱਧ ਵੀ ਅਪਰਾਧਿਕ ਮਾਮਲੇ ਦਰਜ ਹੋਏ ਸਨ | ਉਨ੍ਹਾ ਮੁਤਾਬਕ 4 ਕਮਿਸ਼ਨਾਂ, 9 ਕਮੇਟੀਆਂ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ ਬਣਨ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਮਿਲਣਾ ਮੁਸ਼ਕਲ ਰਿਹਾ | ਸੋਨੀਆ ਨੇ ਮੰਗਲਵਾਰ ਨੂੰ ਜਾਰੀ ਹੋਈ 544 ਸਫ਼ਿਆਂ ਦੀ ਇਸ ਪੁਸਤਕ ਵਿੱਚ ਦਿੱਲੀ ਵਿੱਚ 2,000 ਤੋਂ ਵੱਧ ਸਿੱਖਾਂ ਦੇ ਕਤਲ, ਪ੍ਰਸ਼ਾਸਨ ਦੀ ਨਾਕਾਮੀ ਅਤੇ ਫ਼ੌਜ ਤਾਇਨਾਤ ਕਰਨ ਵਿੱਚ ਹੋਈ ਦੇਰੀ ਦਾ ਵੀ ਜ਼ਿਕਰ ਕੀਤਾ ਹੈ | ਉਨ੍ਹਾ ਅਨੁਸਾਰ ਸੈਂਕੜੇ ਐੱਫ ਆਈ ਆਰ ਦਰਜ ਹੋਣ ਦੇ ਬਾਵਜੂਦ ਸਿਰਫ਼ ਚਾਰ-ਪੰਜ ਮਾਮਲਿਆਂ ਵਿੱਚ ਹੀ ਕਾਂਗਰਸੀ ਵਰਕਰਾਂ ਦੀ ਗਿ੍ਫ਼ਤਾਰੀ ਹੋਈ | ਉਨ੍ਹਾ ਕਿਹਾ ਕਿ ਕਤਲੇਆਮ ਵਿੱਚ ਸ਼ਾਮਲ ਆਰ ਐੱਸ ਐੱਸ ਮੈਂਬਰਾਂ ਵਿਰੁੱਧ ਵੀ ਮਾਮਲੇ ਦਰਜ ਕੀਤੇ ਗਏ ਸਨ | ਕਈ ਮਾਮਲੇ ਸਾਲਾਂ ਤੱਕ ਅਦਾਲਤਾਂ ਵਿੱਚ ਲਟਕਦੇ ਰਹੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਪ੍ਰਣਾਲੀ ਦੀ ਵੱਡੀ ਨਾਕਾਮੀ ਰਹੀ | ਸੋਨੀਆ ਨੇ ਲਿਖਿਆ ਕਿ ਇੰਦਰਾ ਗਾਂਧੀ ਦੀ ਹੱਤਿਆ ਵਾਲੀ ਰਾਤ ਫ਼ੌਜ ਮੁਖੀ ਜਨਰਲ ਏ ਐੱਸ ਵੈਦਿਆ ਨੂੰ ਹੁਕਮ ਮਿਲ ਗਏ ਸਨ, ਪਰ ਪਰਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਨੇੜਲੀਆਂ ਫ਼ੌਜੀ ਟੁਕੜੀਆਂ ਨੂੰ ਤੁਰੰਤ ਨਹੀਂ ਭੇਜਿਆ ਗਿਆ, ਕਿਉਂਕਿ ਉਨ੍ਹਾਂ ਵਿੱਚ ਸਿੱਖ ਜਵਾਨ ਤਾਇਨਾਤ ਸਨ | ਇਸ ਦੀ ਬਜਾਏ ਦੇਹਰਾਦੂਨ ਤੋਂ ਫ਼ੌਜੀ ਟੁਕੜੀਆਂ ਭੇਜੀਆਂ ਗਈਆਂ | ਉਨ੍ਹਾਂ ਮੁਤਾਬਕ ਫ਼ੌਜ 1 ਨਵੰਬਰ ਦੀ ਰਾਤ ਦਿੱਲੀ ਪਹੁੰਚਣੀ ਸ਼ੁਰੂ ਹੋਈ ਅਤੇ 2 ਨਵੰਬਰ ਦੁਪਹਿਰ ਤੱਕ ਪ੍ਰਭਾਵਤ ਇਲਾਕਿਆਂ ਵਿੱਚ ਤਾਇਨਾਤ ਹੋਈ | ਇਸ ਦੌਰਾਨ ਪੁਲਸ ਹਿੰਸਕ ਭੀੜਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ | ਕੁਝ ਅਧਿਕਾਰੀਆਂ ਵੱਲੋਂ ਅੱਖਾਂ ਬੰਦ ਕਰਨ ਅਤੇ ਕੁਝ ਵੱਲੋਂ ਹਿੰਸਾ ਨੂੰ ਹੱਲਾਸ਼ੇਰੀ ਦੇਣ ਦਾ ਵੀ ਉਨ੍ਹਾ ਜ਼ਿਕਰ ਕੀਤਾ ਹੈ | ਉਨ੍ਹਾ ਲਿਖਿਆ ਕਿ ਰਾਜੀਵ ਗਾਂਧੀ ਨੇ 31 ਅਕਤੂਬਰ ਦੀ ਰਾਤ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ | ਉਨ੍ਹਾ ਹਿੰਸਾ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਆਪਣੇ ਸਿੱਖ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ | ਪਹਿਲੀ ਨਵੰਬਰ ਨੂੰ ਉਨ੍ਹਾ ਲੋਕਾਂ ਨੂੰ ਬਦਲਾ ਨਾ ਲੈਣ ਦੀ ਅਪੀਲ ਕੀਤੀ ਅਤੇ ਅਗਲੇ ਦਿਨ ਅਗਜ਼ਨੀ, ਲੁੱਟਮਾਰ ਤੇ ਕਤਲਾਂ ਦੀ ਨਿਖੇਧੀ ਕੀਤੀ | ਸੋਨੀਆ ਨੇ ਆਪਣੀ ਪੁਸਤਕ ਵਿੱਚ ਖੁਲਾਸਾ ਕੀਤਾ ਕਿ 24 ਅਕਤੂਬਰ 1984 ਨੂੰ ਦੀਵਾਲੀ ਦੇ ਜਸ਼ਨਾਂ ਦੌਰਾਨ ਗਾਂਧੀ ਪਰਵਾਰ ਨੂੰ ਖ਼ਤਮ ਕਰਨ ਦੀ ਕਥਿਤ ਸਾਜ਼ਿਸ਼ ਰਚੀ ਗਈ ਸੀ | ਪਰਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਘਰ ਦੀ ਰਸੋਈ ਨਾਲ ਲੱਗਦੇ ਕਮਰੇ ਵਿੱਚ ਗਰਨੇਡ ਲੁਕਾਏ ਗਏ ਸਨ | ਇਸ ਜਸ਼ਨ ਵਿੱਚ ਇੰਦਰਾ, ਰਾਜੀਵ, ਸੋਨੀਆ, ਰਾਹੁਲ ਅਤੇ ਪਿ੍ਯੰਕਾ ਸਮੇਤ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਸਨ | ਉਨ੍ਹਾ ਮੁਤਾਬਕ ਇਹ ਸਾਜ਼ਿਸ਼ ਆਖਰੀ ਸਮੇਂ ਕਿਉਂ ਰੋਕੀ ਗਈ, ਇਸ ਦਾ ਪਤਾ ਨਹੀਂ ਲੱਗ ਸਕਿਆ | ਉਨ੍ਹਾ ਦੱਸਿਆ ਕਿ 30 ਅਕਤੂਬਰ ਨੂੰ ਰਾਹੁਲ ਅਤੇ ਪਿ੍ਯੰਕਾ ਨੂੰ ਸਕੂਲ ਤੋਂ ਲਿਆ ਰਹੀ ਜੀਪ ਨਾਲ ਇਕ ਕਾਰ ਟਕਰਾ ਗਈ ਸੀ | ਇੰਦਰਾ ਨੇ ਇਸ ਨੂੰ ਜਾਣ ਬੁੱਝ ਕੇ ਕੀਤਾ ਹਾਦਸਾ ਮੰਨਿਆ ਸੀ | ਸਾਬਕਾ ਖ਼ੁਫ਼ੀਆ ਵਿੰਗ ਮੁਖੀ ਆਰ ਐੱਨ ਰਾਓ ਨੇ ਵੀ ਇੰਦਰਾ ਨੂੰ ਪੋਤੇ-ਪੋਤੀ ਨੂੰ ਅਗਵਾ ਕਰਨ ਦੀਆਂ ਧਮਕੀਆਂ ਬਾਰੇ ਸੁਚੇਤ ਕੀਤਾ ਸੀ | ਇਸ ਕਾਰਨ ਦੋਵਾਂ ਨੂੰ ਬੋਰਡਿੰਗ ਸਕੂਲਾਂ ਤੋਂ ਵਾਪਸ ਦਿੱਲੀ ਬੁਲਾ ਲਿਆ ਗਿਆ |
ਸੋਨੀਆ ਨੇ ਲਿਖਿਆ ਕਿ ਇੰਦਰਾ ਦੀ ਹੱਤਿਆ ਤੋਂ ਬਾਅਦ ਜਦੋਂ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਉਨ੍ਹਾ ਰਾਜੀਵ ਨੂੰ ਇਹ ਅਹੁਦਾ ਸਵੀਕਾਰ ਨਾ ਕਰਨ ਦੀ ਬੇਨਤੀ ਕੀਤੀ ਸੀ | ਉਨ੍ਹਾ ਨੂੰ ਡਰ ਸੀ ਕਿ ਇੰਦਰਾ ਵਾਂਗ ਰਾਜੀਵ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ | ਰਾਜੀਵ ਨੇ ਜਵਾਬ ਦਿੱਤਾ ਸੀ, ਉਹ ਮੈਨੂੰ ਵੀ ਮਾਰ ਦੇਣਗੇ |’ ਇਸ ਦੇ ਬਾਵਜੂਦ ਰਾਜੀਵ ਨੇ ਉਸੇ ਦਿਨ ਸ਼ਾਮ ਸਾਢੇ ਛੇ ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ | ਸੋਨੀਆ ਨੇ ਇੰਦਰਾ ਦੀ ਹੱਤਿਆ ਵਾਲੇ ਦਿਨ ਦੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੋਲੀਆਂ ਚੱਲਣ ਮਗਰੋਂ ਉਹ ਬਾਗ਼ ਵੱਲ ਦੌੜੀ ਅਤੇ ਇੰਦਰਾ ਨੂੰ ਐਂਬੂਲੈਂਸ ਦੀ ਬਜਾਏ ਚਿੱਟੀ ਅੰਬੈਸਡਰ ਕਾਰ ਵਿੱਚ ਹਸਪਤਾਲ ਲਿਜਾਂਦਿਆਂ ਦੇਖਿਆ | ਆਵਾਜਾਈ ਕਾਰਨ ਹਸਪਤਾਲ ਪਹੁੰਚਣ ਵਿੱਚ ਵੀ ਦੇਰੀ ਹੋਈ | ਇੰਦਰਾ ਨੂੰ ਦੁਪਹਿਰ ਦੋ ਵਜੇ ਮਿ੍ਤਕ ਐਲਾਨ ਦਿੱਤਾ ਗਿਆ | ਉਨ੍ਹਾ 1989 ਵਿੱਚ ਬਿਹਾਰ ਦੇ ਭਾਗਲਪੁਰ ਦੌਰੇ ਦਾ ਵੀ ਜ਼ਿਕਰ ਕੀਤਾ, ਜਿੱਥੇ ਫ਼ਿਰਕੂ ਹਿੰਸਾ ਦੇ ਪੀੜਤਾਂ ਨੂੰ ਮਿਲ ਕੇ ਉਨ੍ਹਾ ਨੂੰ ਪਹਿਲੀ ਵਾਰ ਇਸ ਤਬਾਹੀ ਦੀ ਡੂੰਘਾਈ ਦਾ ਅਹਿਸਾਸ ਹੋਇਆ | ਹਸਪਤਾਲ ਵਿੱਚ ਜ਼ਖ਼ਮੀ ਅÏਰਤਾਂ ਅਤੇ ਬੱਚੇ ਫਰਸ਼ ‘ਤੇ ਪਏ ਸਨ ਅਤੇ ਕਈ ਅÏਰਤਾਂ ਆਪਣੇ ਲਾਪਤਾ ਪਰਵਾਰਕ ਮੈਂਬਰਾਂ ਬਾਰੇ ਪੁੱਛ ਰਹੀਆਂ ਸਨ | ਸੋਨੀਆ ਨੇ ਲਿਖਿਆ ਕਿ ਇਸ ਦਿ੍ਸ਼ ਨੇ ਉਨ੍ਹਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ |





